ਟਰੰਪ ਦਾ ਸਿਰ ਲਿਆਉਣ ਵਾਲੇ ਨੂੰ ਈਰਾਨ ਦੇਵੇਗਾ 80 ਮਿਲੀਅਨ ਡਾਲਰ ਦਾ ਇਨਾਮ

Monday, Jan 06, 2020 - 10:40 AM (IST)

ਟਰੰਪ ਦਾ ਸਿਰ ਲਿਆਉਣ ਵਾਲੇ ਨੂੰ ਈਰਾਨ ਦੇਵੇਗਾ 80 ਮਿਲੀਅਨ ਡਾਲਰ ਦਾ ਇਨਾਮ

ਤੇਹਰਾਨ/ਵਾਸ਼ਿੰਗਟਨ (ਬਿਊਰੋ): ਅਮਰੀਕੀ ਏਅਰ ਸਟ੍ਰਾਈਕ ਵਿਚ ਈਰਾਨ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਨਤੀਜੇ ਵਜੋਂ ਈਰਾਨ ਅਤੇ ਅਮਰੀਕਾ ਇਕ-ਦੂਜੇ ਦੇ ਵਿਰੁੱਧ ਸਖਤ ਰਵੱਈਆ ਅਪਨਾਏ ਹੋਏ ਹਨ। ਐਤਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਬ੍ਰੈਂਡ ਨਿਊ ਹਥਿਆਰਾਂ ਨਾਲ ਹਮਲੇ ਦੀ ਧਮਕੀ ਦਿੱਤੀ। ਅੰਤਰਰਾਸ਼ਟਰੀ ਮੀਡੀਆ ਵਿਚ ਪ੍ਰਕਾਸ਼ਿਤ ਖਬਰਾਂ ਮੁਤਾਬਕ ਉਸ ਦੇ ਕੁਝ ਦੇਰ ਬਾਅਦ ਹੀ ਈਰਾਨ ਨੇ ਟਰੰਪ ਦਾ ਸਿਰ ਲਾਹੁਣ 'ਤੇ 80 ਮਿਲੀਅਨ ਡਾਲਰ ਇਨਾਮ (ਕਰੀਬ 5.76 ਅਰਬ ਭਾਰਤੀ ਰੁਪਏ ਵਿਚ) ਦਾ ਐਲਾਨ ਕੀਤਾ।

ਜਨਰਲ ਸੁਲੇਮਾਨੀ ਦੇ ਅੰਤਿਮ ਸੰਸਕਾਰ ਦੇ ਦੌਰਾਨ ਇਕ ਸੰਸਥਾ ਨੇ ਈਰਾਨ ਦੇ ਸਾਰੇ ਨਾਗਰਿਕਾਂ ਨੂੰ ਇਕ ਡਾਲਰ ਦਾਨ ਕਰਨ ਦੀ ਅਪੀਲ ਕੀਤੀ ਹੈ। ਟਰੰਪ ਦੇ ਸਿਰ ਦੇ ਬਦਲੇ ਰੱਖੇ ਗਏ 80 ਮਿਲੀਅਨ ਡਾਲਰ ਦੀ ਰਾਸ਼ੀ ਇਕੱਠੀ ਕਰਨ ਲਈ ਸੰਸਥਾ ਨੇ ਸਾਰੇ ਈਰਾਨੀ ਨਾਗਰਿਕਾਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਹੈ। ਮਸਾਦ ਵਿਚ ਜਿਸ ਸਮੇਂ ਸੁਲੇਮਾਨੀ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਉਸੇ ਦੌਰਾਨ ਇਕ ਈਰਾਨੀ ਸੰਸਥਾ ਨੇ ਇਹ ਐਲਾਨ ਕੀਤਾ।

ਉੱਧਰ ਟਰੰਪ ਵੀ ਟਵਿੱਟਰ 'ਤੇ ਲਗਾਤਾਰ ਈਰਾਨ ਵਿਰੁੱਧ ਪੋਸਟਾਂ ਲਿਖ ਰਹੇ ਹਨ। ਸਿਰ 'ਤੇ ਇਨਾਮ ਦੇ ਐਲਾਨ ਦੇ ਬਾਅਦ ਟਰੰਪ ਨੇ ਵੀ ਇਕ ਟਵੀਟ ਕੀਤਾ। ਉਹਨਾਂ ਨੇ ਲਿਖਿਆ,''ਈਰਾਨ ਜੇਕਰ ਕਿਸੇ ਯੂ.ਐੱਸ. ਅਦਾਰੇ ਅਤੇ ਅਮਰੀਕੀ ਨਾਗਰਿਕ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖਤਰਨਾਕ ਅੰਦਾਜ਼ ਵਿਚ ਜਵਾਬ ਦਿੱਤਾ ਜਾਵੇਗਾ। ਅਜਿਹੇ ਕਾਨੂੰਨੀ ਨੋਟਿਸ ਦੀ ਉਂਝ ਤਾਂ ਲੋੜ ਨਹੀਂ ਪਰ ਮੈਂ ਫਿਰ ਵੀ ਚਿਤਾਵਨੀ ਦੇ ਦਿੱਤੀ ਹੈ।''

ਜਨਰਲ ਕਾਸਿਮ ਨੂੰ ਲੋਕ ਕਾਫੀ ਮੰਨਦੇ ਸਨ।ਉਹਨਾਂ ਦੀ ਹੱਤਿਆ ਨਾਲ ਦੇਸ਼ਵਾਸੀ ਉਤੇਜਿਤ ਹਨ।ਸੰਯੁਕਤ ਰਾਸ਼ਟਰ ਦੀ ਪਰਮਾਣੂ ਪ੍ਰੋਗਰਾਮਾਂ 'ਤੇ ਕੰਟਰੋਲ ਰੱਖਣ ਵਾਲੀ ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ ਨੇ ਇਸ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਐਤਵਾਰ ਨੂੰ ਇਰਾਕ ਦੀ ਸੰਸਦ ਵਿਚ ਅਮਰੀਕੀ ਫੌਜੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੇ ਸਮਰਥਨ ਵਿਚ ਵੋਟਿੰਗ ਕੀਤੀ ਗਈ। ਦੇਸ਼ ਦੀ ਮੀਡੀਆ ਆਫਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਦੇਸ਼ ਵਿਚ ਮੌਜੂਦ ਕਿਸੇ ਵੀ ਵਿਦੇਸ਼ੀ ਮਿਲਟਰੀ ਬਲ ਨੂੰ ਦੇਸ਼ ਵਿਚੋਂ ਬਾਹਰ ਕੱਢਣ ਲਈ ਸਰਕਾਰ ਮਜਬੂਰ ਹੈ।


author

Vandana

Content Editor

Related News