ਅਮਰੀਕਾ ਵੱਲੋਂ ਪਾਬੰਦੀਆਂ ਹਟਾਏ ਜਾਣ ''ਤੇ ਈਰਾਨ ਗੱਲਬਾਤ ਲਈ ਤਿਆਰ : ਰੂਹਾਨੀ

Monday, Jul 15, 2019 - 12:44 PM (IST)

ਅਮਰੀਕਾ ਵੱਲੋਂ ਪਾਬੰਦੀਆਂ ਹਟਾਏ ਜਾਣ ''ਤੇ ਈਰਾਨ ਗੱਲਬਾਤ ਲਈ ਤਿਆਰ : ਰੂਹਾਨੀ

ਤੇਹਰਾਨ (ਬਿਊਰੋ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕੀਤਾ। ਆਪਣੇ ਬਿਆਨ ਵਿਚ ਰੂਹਾਨੀ ਨੇ ਕਿਹਾ ਕਿ ਜੇਕਰ ਅਮਰੀਕਾ ਸਾਰੀਆਂ ਪਾਬੰਦੀਆਂ ਹਟਾ ਦਿੰਦਾ ਹੈ ਤਾਂ ਉਹ ਗੱਲਬਾਤ ਲਈ ਤਿਆਰ ਹਨ। ਰੂਹਾਨੀ ਨੇ ਕਿਹਾ,''ਅਮਰੀਕਾ ਸਾਨੂੰ ਧਮਕਾਉਣਾ ਬੰਦ ਕਰੇ। ਈਰਾਨ ਨੇ ਹੁਣ ਸੰਜਮ ਛੱਡ ਕੇ ਜਵਾਬੀ ਕਾਰਵਾਈ ਦੀ ਨੀਤੀ ਅਪਨਾ ਲਈ ਹੈ। ਪਰਮਾਣੂ ਸਮਝੌਤੇ ਨਾਲ ਜੁੜੇ ਕਿਸੇ ਵੀ ਕਦਮ ਦਾ ਸਖਤੀ ਨਾਲ ਜਵਾਬ ਦੇਵਾਂਗੇ।'' ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਓਮਾਨ ਦੀ ਖਾੜੀ ਵਿਚ ਦੋ ਤੇਲ ਟੈਂਕਰਾਂ ਵਿਚ ਧਮਾਕੇ ਅਤੇ ਈਰਾਨ ਦੇ ਅਮਰੀਕੀ ਖੁਫੀਆ ਡਰੋਨ ਨੂੰ ਨਸ਼ਟ ਕਰਨ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ।

ਇਸ ਤੋਂ ਪਹਿਲਾਂ ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਅੰਤਰਰਾਸ਼ਟਰੀ ਪਰਮਾਣੂ ਸਮਝੌਤਿਆਂ ਦੇ ਤਹਿਤ ਸੰਯੁਕਤ ਕਾਰਵਾਈ ਯੋਜਨਾ (ਜੇ.ਸੀ.ਪੀ.ਓ.ਏ.) ਦੇ ਸਾਰੇ ਮੈਂਬਰਾਂ ਦੀ ਬੈਠਕ ਬੁਲਾਉਣ ਦੀ ਅਪੀਲ ਕੀਤੀ। ਇਨ੍ਹਾਂ ਦੇਸ਼ਾਂ ਮੁਤਾਬਕ ਅਮਰੀਕਾ ਦੇ ਲਗਾਤਾਰ ਈਰਾਨ 'ਤੇ ਪਾਬੰਦੀਆਂ ਲਗਾਉਣ ਅਤੇ ਈਰਾਨ ਦੇ ਇਸ ਸਮਝੌਤੇ ਦੇ ਇਨ੍ਹਾਂ ਪ੍ਰਬੰਧਾਂ ਨੂੰ ਤੋੜਨ ਕਾਰਨ ਖਤਰਾ ਵੱਧਦਾ ਜਾ ਰਿਹਾ ਹੈ ।

ਈਰਾਨ ਨੇ ਅੰਤਰਰਾਸ਼ਟਰੀ ਪਰਮਾਣੂ ਸਮਝੌਤੇ ਦੇ ਤਹਿਤ ਯੂਰੇਨੀਅਮ ਸਮਰੱਥਾ ਦੀ 3.67 ਫੀਸਦੀ ਦੀ ਤੈਅ ਸੀਮਾ ਨੂੰ ਪਾਰ ਕਰ ਕੇ ਇਸ ਨੂੰ 4.5 ਫੀਸਦੀ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਸਾਲ 8 ਮਈ ਨੂੰ ਈਰਾਨ ਪਰਮਾਣੂ ਸਮਝੌਤੇ ਤੋਂ ਦੇਸ਼ ਨੂੰ ਵੱਖ ਕਰ ਲਿਆ ਸੀ। ਇਸ ਦੇ ਬਾਅਦ ਹੀ ਦੋਹਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ।


author

Vandana

Content Editor

Related News