ਈਰਾਨ ’ਚ ਹਿਜਾਬ ਵਿਰੋਧੀ ਕਾਰਕੁੰਨ ਨੂੰ 24 ਸਾਲ ਦੀ ਸਜ਼ਾ

Thursday, Aug 29, 2019 - 10:18 AM (IST)

ਈਰਾਨ ’ਚ ਹਿਜਾਬ ਵਿਰੋਧੀ ਕਾਰਕੁੰਨ ਨੂੰ 24 ਸਾਲ ਦੀ ਸਜ਼ਾ

ਤੇਹਰਾਨ (ਬਿਊਰੋ)— ਈਰਾਨ ਵਿਚ ਹਿਜਾਬ ਵਿਰੋਧੀ ਕਾਰਕੁੰਨ ਨੂੰ ਕੁੱਲ 24 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਸਲ ਵਿਚ ਇੱਥੋਂ ਦੀ ਅਦਾਲਤ ਨੇ ਹਿਜਾਬ ਪਾਉਣ ਦੀ ਲੋੜ ਖਤਮ ਕਰਨ ਲਈ ਮੁਹਿੰਮ ਚਲਾਉਣ ਵਾਲੀ ਕੁੜੀ ਨੂੰ ਸਜ਼ਾ ਸੁਣਾਈ ਹੈ। ਬੁਰਕੇ ਵਿਰੁੱਧ ‘ਵ੍ਹਾਈਟ ਵੈਡਨਸਡੇ’ ਮੁਹਿੰਮ ਚਲਾਉਣ ਵਾਲੀ 20 ਸਾਲਾ ਸਬਾ ਕੋਰਡ ਅਫਸ਼ਰੀ ਨੂੰ ਤੇਹਰਾਨ ਦੀ ਰੈਵੋਲੂਸ਼ਨਰੀ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਦੀ ਦੁਨੀਆ ਭਰ ਵਿਚ ਨਿੰਦਾ ਕੀਤੀ ਜਾ ਰਹੀ ਹੈ। 

ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਅਫਸ਼ਰੀ ਨੇ ਔਰਤਾਂ ਦਾ ਹਿਜਾਬ ਉਤਾਰ ਕੇ ਆਪਣੇ ਦੇਸ਼ ਵਿਚ ਭ੍ਰਿਸ਼ਟਾਚਾਰ ਅਤੇ ਵੇਸਵਾਪੁਣੇ ਨੂੰ ਵਧਾਵਾ ਦਿੱਤਾ ਹੈ। ਇਸ ਲਈ 24 ਵਿਚੋਂ 15 ਸਾਲ ਦੀ ਸਜ਼ਾ ਉਸ ਨੂੰ ਦੋ ਅਪਰਾਧਾਂ ਲਈ ਦਿੱਤੀ ਜਾ ਰਹੀ ਹੈ। ਬਚਾਅ ਪੱਖ ਦੇ ਵਕੀਲ ਹੋਸੈਨ ਤਾਜ ਨੇ ਆਪਣੇ ਇਕ ਟਵੀਟ ਵਿਚ ਐਲਾਨ ਕੀਤਾ ਕਿ ਅਫਸ਼ਰੀ ਨੂੰ ਉਸ ਦੀ ਹਿਜਾਬ ਵਿਰੋਧੀ ਸਰਗਰਮੀ ਲਈ 15 ਸਾਲ ਅਤੇ ਗੈਰ ਕਾਨੂੰਨੀ ਅਸੈਂਬਲੀ ਅਤੇ ਸ਼ਾਸਨ ਵਿਰੁੱਧ ਪ੍ਰਚਾਰ ਕਰਨ ਦੇ ਦੋਸ਼ ਵਿਚ ਹੋਰ 9 ਸਾਲ ਦੀ ਸਜ਼ਾ ਸੁਣਾਈ ਗਈ। 

ਸਬਾ ਕੋਰਡ ਅਫਸ਼ਰੀ ਅਤੇ ਉਸ ਦੀ ਮਾਂ ਰਾਹੀਲਾ ਅਹਿਮਦੀ ਈਰਾਨ ਵਿਚ ਚਲਾਈ ਜਾ ਰਹੀ ਵ੍ਹਾਈਟ ਵੈਡਨਸਡੇ ਮੁਹਿੰਮ ਦੀ ਮੁਖੀ ਹਨ। ਅਫਸ਼ਰੀ ਨੂੰ ਇਸ ਤੋਂ ਪਹਿਲਾਂ ਅਗਸਤ 2018 ਵਿਚ ਤੇਹਰਾਨ ਵਿਚ ਗਿ੍ਰਫਤਾਰ ਕੀਤਾ ਗਿਆ ਸੀ ਪਰ ਗਲੋਬਲ ਦਬਾਅ ਵਿਚ ਉਸ ਨੂੰ ਫਰਵਰੀ ਵਿਚ ਰਿਹਾਅ ਕਰ ਦਿੱਤਾ ਗਿਆ ਸੀ।

ਜਾਣੋ ਵ੍ਹਾਈਟ ‘ਵੈਡਨੇਸਡੇ ਮੁਹਿੰਮ’ ਦੇ ਬਾਰੇ
ਈਰਾਨ ਵਿਚ ਸੋਸ਼ਲ ਮੀਡੀਆ ’ਤੇ ਹਿਜਾਬ ਵਿਰੁੱਧ ਵ੍ਹਾਈਟ ਵੈਡਨੇਸਡੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਿਚ ਔਰਤਾਂ ਨੂੰ ਬਿਨਾਂ ਹਿਜਾਬ ਪਹਿਨੇ ਤਸਵੀਰ ਸ਼ੇਅਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੁਹਿੰਮ ਨੂੰ ਮਹਿਲਾ ਮਜ਼ਬੂਤੀਕਰਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੁਹਿੰਮ ਦੇ ਪਹਿਲੇ ਦੋ ਹਫਤਿਆਂ ਵਿਚ 200 ਵੀਡੀਓ ਪੋਸਟ ਹੋਏ ਅਤੇ 5 ਲੱਖ ਲੋਕਾਂ ਨੇ ਇਨ੍ਹਾਂ ਨੂੰ ਦੇਖਿਆ। ਇਸ ਮਗਰੋਂ ਸਰਕਾਰ ਹਰਕਤ ਵਿਚ ਆਈ ਅਤੇ ਤੇਹਰਾਨ ਦੀ ਰੈਵੋਲੂਸ਼ਨਰੀ ਕੋਰਟ ਨੇ ਆਦੇਸ਼ ਦਿੱਤਾ ਕਿ ਅਜਿਹਾ ਕਰਨ ਵਾਲੀਆਂ ਔਰਤਾਂ ਨੂੰ 1 ਤੋਂ 10 ਸਾਲ ਤੱਕ ਦੀ ਸਜ਼ਾ ਦਿੱਤੀ ਜਾਵੇਗੀ। ਉਦੋਂ ਤੋਂ ਸੈਂਕੜੇ ਔਰਤਾਂ ਨੂੰ ਜੇਲ ਭੇਜਿਆ ਜਾ ਚੁੱਕਾ ਹੈ। ਇਸੇ ਹਫਤੇ 12 ਔਰਤਾਂ ਨੂੰ ਸਜ਼ਾ ਸੁਣਾਈ ਗਈ ਹੈ।


author

Vandana

Content Editor

Related News