ਕੋਰੋਨਾ ਤੋਂ ਬਚਣ ਲਈ ਈਰਾਨ ''ਚ ਲੋਕਾਂ ਨੇ ਪੀਤੀ ਮੀਥੇਨੌਲ, 300 ਦੀ ਮੌਤ ਤੇ ਕਈ ਗੰਭੀਰ

03/27/2020 6:22:39 PM

ਤੇਹਰਾਨ (ਬਿਊਰੋ): ਈਰਾਨ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 2,200 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਇੱਥੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਅੱਗੇ ਲੋਕ ਇੰਨੇ ਘਬਰਾ ਗਏ ਹਨ ਕਿ ਉਹ ਖੁਦ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ। ਈਰਾਨ ਦੇ ਸਿਹਤ ਕਰਮੀ ਇਸ ਸਮੇਂ ਲੋਕਾਂ ਨੂੰ ਸਿਰਫ ਇਕ ਹੀ ਅਪੀਲ ਕਰ ਹਰੇ ਹਨ ਕਿ ਉਹ ਕੋਰੋਨਾਵਾਇਰਸ ਦੇ ਡਰ ਨਾਲ ਸ਼ਰਾਬ ਪੀਣਾ ਬੰਦ ਕਰ ਦੇਣ। ਨਿਊਜ਼ ਏਜੰਸੀ ਏ.ਪੀ. ਦੀ ਰਿਪੋਰਟ ਮੁਤਾਬਕ ਇਕ ਮਾਤਾ-ਪਿਤਾ ਨੇ ਆਪਣੇ ਬੱਚੇ ਨੂੰ ਜ਼ਹਿਰੀਲਾ  ਮੀਥੇਨੌਲ ਪਿਲਾ ਦਿੱਤਾ ਜਿਸ ਦੇ ਬਾਅਦ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਲੋਕਾਂ ਦੇ ਮਨ ਵਿਚ ਇਹ ਗਲਤ ਧਾਰਨਾ ਬਣ ਗਈ ਹੈ ਕਿ ਸ਼ਰਾਬ ਵਾਇਰਸ ਦੇ ਵਿਰੁੱਧ ਸੁਰੱਖਿਆ ਦਿੰਦੀ ਹੈ।

ਈਰਾਨ  ਦੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਮੀਥੇਨੌਲ ਪੀਣ ਕਾਰਨ ਕਰੀਬ 300 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਲੋਕ ਬੀਮਾਰ ਪੈ ਗਏ ਹਨ। ਉਂਝ ਤਾਂ ਈਰਾਨ ਵਿਚ ਸ਼ਰਾਬ ਪੀਣ 'ਤੇ ਪਾਬੰਦੀ ਹੈ ਪਰ ਲੋਕ ਤਸਕਰਾਂ ਤੋਂ ਸ਼ਰਾਬ ਖਰੀਦਦੇ ਹਨ। ਈਰਾਨ ਦੀ ਸੋਸ਼ਲ ਮੀਡੀਆ ਵਿਚ ਚੱਲ ਰਹੀਆਂ ਸਾਰੀਆਂ ਅਫਵਾਹਾਂ ਵਿਚ ਸ਼ਰਾਬ ਪੀਣ ਨੂੰ ਵੀ ਕੋਰੋਨਾ ਦਾ ਇਲਾਜ ਦੱਸਿਆ ਗਿਆ ਹੈ।
ਓਸਲੋ ਦੇ ਕਲੀਨਿਕਲ ਟੌਕਸੀਕੋਲੋਜਿਸਟ ਡਾਕਟਰ ਨਟ ਏਰਿਕ ਹੋਵਦਾ ਨੇ ਨਿਊਜ਼ ਏਜੰਸੀ ਏ.ਪੀ. ਨੂੰ ਦੱਸਿਆ,''ਈਰਾਨ ਵਿਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਲੋਕ ਮਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਲੋਕ ਇਸ ਗੱਲ ਨੂੰ ਭੁੱਲ ਗਏ ਹਨ ਕਿ ਕੋਰੋਨਾਵਾਇਰਸ ਦੇ ਇਲਾਵਾ ਵੀ ਹੋਰ ਵੀ ਖਤਰੇ ਹਨ। ਜੇਕਰ ਲੋਕਾਂ ਨੇ ਸ਼ਰਾਬ ਦੇ ਨਾਮ 'ਤੇ ਮੀਥੇਨੌਲ ਪੀਣਾ ਜਾਰੀ ਰੱਖਿਆ ਤਾਂ ਇਸ ਨਾਲ ਹੋਰ ਮੌਤਾਂ ਹੋਣ ਦਾ ਖਦਸ਼ਾ ਹੈ।'' ਉਹਨਾਂ ਨੂੰ ਇਹ ਵੀ ਡਰ ਹੈ ਕਿ ਈਰਾਨ ਵਿਚ ਮੌਤ ਦਾ ਅਸਲੀ ਅੰਕੜਾ ਜ਼ਿਆਦਾ ਭਿਆਨਕ ਹੋ ਸਕਦਾ ਹੈ। 

ਫਿਲਹਾਲ ਕੋਰੋਨਾਵਾਇਰਸ ਦਾ ਕੋਈ ਇਲਾਜ ਨਹੀਂ ਹੈ। ਵਿਗਿਆਨੀ ਅਤੇ ਡਾਕਟਰ ਇਸ ਮਹਾਮਾਰੀ ਨਾਲ ਲੜਨ ਲਈ ਦਵਾਈ ਜਾਂ ਟੀਕਾ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਵੇਂਕਿ ਈਰਾਨ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਫਾਰਸੀ ਵਿਚ ਇਕ ਮੈਸੇਜ ਕਾਫੀ ਵਾਇਰਲ ਹੋ ਚੁੱਕਾ ਹੈ। ਇਸ ਵਿਚ ਫਰਵਰੀ ਮਹੀਨੇ ਵਿਚ ਇਕ ਟੈਬਲਾਇਡ ਵਿਚ ਛਪੀ ਕਹਾਣੀ ਦਾ ਹਵਾਲਾ ਦਿੱਤਾ ਗਿਆ ਹੈ। ਵਾਇਰਸ ਕਹਾਣੀ ਵਿਚ ਇਕ ਬ੍ਰਿਟਿਸ਼ ਟੀਚਰ ਅਤੇ ਕੁਝ ਲੋਕਾਂ ਦੇ ਵ੍ਹਿਸਕੀ-ਸ਼ਹਿਦ ਪੀਣ ਦੇ ਬਾਅਦ ਕੋਰੋਨਾ ਤੋਂ ਠੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ। 90 ਫੀਸਦੀ ਸ਼ਰਾਬ ਵਾਲੇ ਸੈਨੀਟਾਈਜ਼ਰਾਂ ਦੀ ਵਰਤੋਂ ਦੀ ਸਲਾਹ ਦੇ ਨਾਲ ਮੇਲ ਖਾਂਦੇ ਸੰਦੇਸ਼ਾਂ ਕਾਰਨ ਲੋਕਾਂ ਨੇ ਇਹ ਮੰਨ ਲਿਆ ਹੈ ਕਿ ਸ਼ਰਾਬ ਉਹਨਾਂ ਦੇ ਸਰੀਰ ਵਿਚ ਵਾਇਰਸ ਨੂੰ ਮਾਰ ਸਕਦੀ ਹੈ।


Vandana

Content Editor

Related News