ਆਸਟ੍ਰੇਲੀਆਈ ਲੇਖਕ ਐੱਸ ਸਾਕੀ ਦੇ ਸਦੀਵੀ ਵਿਛੋੜੇ ''ਤੇ ਇਪਸਾ ਵੱਲੋਂ ਸ਼ਰਧਾਂਜਲੀ

Monday, Aug 30, 2021 - 02:14 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਸੰਨੀ ਚਾਂਦਪੁਰੀ, ਮਨਦੀਪ ਸੈਣੀ) ਆਸਟ੍ਰੇਲੀਆ ਦੇ ਪੰਜਾਬੀ ਸਾਹਿਤ ਦੀ ਜਦ ਵੀ ਸਾਹਿਤਕ ਹਲਕਿਆਂ ਵਿਚ ਚਰਚਾ ਛਿੜਦੀ ਹੈ ਤਾਂ ਸਿਰਫ ਦੋ ਹੀ ਨਾਮ ਗੰਭੀਰ ਪਾਠਕਾਂ ਅਤੇ ਲੇਖਕਾਂ ਦੇ ਜ਼ਿਹਨ ਵਿਚ ਆਉਂਦੇ ਹਨ, ਇਕ ਗ੍ਰਿਫ਼ਥ ਰਹਿੰਦੇ ਅਜੀਤ ਰਾਹੀ ਜੀ ਦਾ ਤੇ ਦੂਸਰਾ ਸਿਡਨੀ ਰਹਿਣ ਵਾਲੇ ਐੱਸ ਸਾਕੀ ਦਾ। ਅਜੇ ਕੁੱਝ ਹੀ ਮਹੀਨੇ ਪਹਿਲਾਂ ਅਜੀਤ ਰਾਹੀ ਜੀ 82 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਸਨ। ਹੁਣ 87 ਸਾਲ ਦੀ ਉਮਰ ਵਿਚ ਐੱਸ ਸਾਕੀ ਹੁਰਾਂ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਗਹਿਰਾ ਘਾਟਾ ਪਿਆ ਹੈ। 

ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਐੱਸ ਸਾਕੀ ਨੇ ਪੰਜਾਬੀ ਸਹਿਤ ਦੀ ਝੋਲੀ ਵਿਚ ਬਹੁਰੂਪੀਆ (ਕਹਾਣੀ ਸੰਗ੍ਰਹਿ), ਪਹਿਲਾ ਦਿਨ (ਕਹਾਣੀ ਸੰਗ੍ਰਹਿ), ਨਾਨਕ ਦੁੱਖੀਆ ਸਭ ਸੰਸਾਰ (ਕਹਾਣੀ ਸੰਗ੍ਰਹਿ), ਵੱਡਾ ਆਦਮੀ (ਨਾਵਲ), ਛੋਟਾ ਸਿੰਘ (ਪਨਾਵਲ), ਨਿਕਰਮੀ (ਨਾਵਲ), ਮੇਲੋ (ਨਾਵਲ), ਭੱਖੜੇ (ਨਾਵਲ), ਰੰਡੀ ਦੀ ਧੀ (ਨਾਵਲ), ਮੋਹਨ ਲਾਲ ਸੋ ਗਿਆ (ਕਹਾਣੀ ਸੰਗ੍ਰਹਿ), ਦੁਰਗਤੀ (ਕਹਾਣੀ ਸੰਗ੍ਰਹਿ), ਨੰਗੀਆਂ ਲੱਤਾਂ ਵਾਲਾ ਮੁੰਡਾ (ਕਹਾਣੀ ਸੰਗ੍ਰਹਿ), ਇਹ ਇੱਕ ਕੁੜੀ (ਨਾਵਲ), ਦੇਵੀ ਦੇਖਦੀ ਸੀ (ਕਹਾਣੀ ਸੰਗ੍ਰਹਿ), ਕਰਮਾਂ ਵਾਲੀ (ਕਹਾਣੀ ਸੰਗ੍ਰਹਿ), ਬਾਪੂ ਦੀ ਚਰਖਾ (ਕਹਾਣੀ ਸੰਗ੍ਰਹਿ), ਅੱਜ ਦਾ ਅਰਜਨ (ਨਾਵਲ), ਰਖੇਲ (ਨਾਵਲ), ਮੁੜ ਨਰਕ (ਕਹਾਣੀ ਸੰਗ੍ਰਹਿ), ਇਕੱਤੀ ਕਹਾਣੀਆਂ (ਕਹਾਣੀ ਸੰਗ੍ਰਹਿ), ਹਮ ਚਾਕਰ ਗੋਬਿੰਦ ਕੇ (ਨਾਵਲ), ਸ਼ੇਰਨੀ (ਨਾਵਲ), ਬੇਗਮ (ਨਾਵਲ), ਦੋ ਬਲਦੇ ਸਿਵੇ (ਕਹਾਣੀ ਸੰਗ੍ਰਹਿ), ਮੰਗਤੇ (ਕਹਾਣੀ ਸੰਗ੍ਰਹਿ), ਖਾਲ਼ੀ ਕਮਰਾ ਨੰਬਰ ਬਿਆਸੀ (ਕਹਾਣੀ ਸੰਗ੍ਰਹਿ), ਇੱਕ ਤਾਰਾ ਚਮਕਿਆ (ਕਹਾਣੀ ਸੰਗ੍ਰਹਿ), ਬੇਦਖ਼ਲ (ਨਾਵਲ), ਇੱਕ ਬਟਾ ਦੋ ਆਦਮੀ (ਕਹਾਣੀ ਸੰਗ੍ਰਹਿ), ਐਸ ਸਾਕੀ ਦੀਆਂ ਕਹਾਣੀਆਂ (ਐੱਮ ਫਿਲ- ਡਾ: ਬਲਜੀਤ ਕੌਰ) ਆਦਿ 30 ਤੋਂ ਜ਼ਿਆਦਾ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। 

ਪੜ੍ਹੋ ਇਹ ਅਹਿਮ ਖਬਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਸਰੂਪਾਂ' ਦੀ ਵਿਦੇਸ਼ਾਂ 'ਚ ਛਪਾਈ ਦੀ ਇਜਾਜ਼ਤ 'ਤੇ ਕੈਨੇਡਾ ਦੀਆਂ ਜਥੇਬੰਦੀਆਂ ਨੇ ਜਤਾਈ ਨਰਾਜ਼ਗੀ

ਐੱਸ ਸਾਕੀ ਕਾਫ਼ੀ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਉਹਨਾਂ ਦਾ ਜਨਮ ਪੰਜਾਬ ਦੇ ਸ਼ਹਿਰ ਪਟਿਆਲ਼ਾ ਦਾ ਸੀ, ਉਹ ਕਾਫ਼ੀ ਸਮਾਂ ਦਿੱਲੀ ਵਿਖੇ ਰਹੇ ਅਤੇ ਹੁਣ ਪਰਿਵਾਰ ਸਮੇਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਵਸਨੀਕ ਬਣ ਗਏ ਸਨ। ਐਸ ਸਾਕੀ ਨੂੰ ਉਸ ਦੇ ਕਹਾਣੀ ਸੰਗ੍ਰਹਿ ‘ਨਾਨਕ ਦੁਖੀਆ ਸਭ ਸੰਸਾਰ’ ਲਈ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋ ਸਨਮਾਨ ਦਿੱਤਾ ਗਿਆ ਸੀ। ਨਾਵਲ ਵੱਡਾ ਆਦਮੀ ਲਈ ਪੰਜਾਬੀ ਸਾਹਿਤ ਸਭਾ ਲੰਡਨ ਦਾ ਬਾਬਾ ਸ਼ੇਖ ਫਰੀਦ ਪੁਰਸਕਾਰ, ਪੰਜਾਬੀ ਸਾਹਿਤ ਟਰੱਸਟ ਢੁਡੀਕੇ ਦਾ ਬਲਰਾਜ ਸਾਹਨੀ ਪੁਰਸਕਾਰ, ਪੰਜਾਬੀ ਸਾਹਿਤ ਕਲਾ ਸੰਗਮ ਦਿੱਲੀ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਆਦਿ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਪੰਜਾਬੀ ਅਕਾਦਮੀ, ਦਿੱਲੀ ਵੱਲੋਂ 2010 ਦਾ ‘ਗਲਪ ਪੁਰਸਕਾਰ’ ਆਪ ਦੀ ਪੁਸਤਕ ‘ਮੋਹਨ ਲਾਲ ਸੋ ਗਿਆ’ ਨੂੰ ਦਿੱਤਾ ਗਿਆ, ਜਿਸ ਵਿੱਚ ਪੰਜਾਹ ਹਜ਼ਾਰ ਰੁਪਏ ਨਕਦ, ਅਕਾਦਮੀ ਦਾ ਸਨਮਾਨ ਪੱਤਰ ਤੇ ਸ਼ਾਲ ਭੇਟ ਕੀਤਾ ਗਿਆ ਸੀ। 

ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਦੇ ਸਰਪ੍ਰਸਤ ਜਰਨੈਲ ਬਾਸੀ, ਪ੍ਰਧਾਨ ਦਲਵੀਰ ਹਲਵਾਰਵੀ, ਮਨਜੀਤ ਬੋਪਾਰਾਏ, ਸਤਵਿੰਦਰ ਟੀਨੂੰ, ਪਾਲ ਰਾਊਕੇ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਸੁਰਜੀਤ ਸੰਧੂ, ਆਤਮਾ ਹੇਅਰ, ਦੀਪਇੰਦਰ ਸਿੰਘ, ਰਘਬੀਰ ਸਰਾਏ ਆਦਿ ਪ੍ਰਮੁੱਖ ਮੈਂਬਰਾਂ ਨੇ ਐੱਸ ਸਾਕੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਨਾਲ ਪੰਜਾਬੀ ਸਾਹਿਤ ਲਈ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਸਾਕੀ ਵਲੋਂ ਕਲਮ ਰਾਹੀਂ ਕੀਤੀ ਗਈ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।


Vandana

Content Editor

Related News