ਇਪਸਾ ਵੱਲੋਂ ਨੇਚਰਦੀਪ ਕਾਹਲੋਂ ਦੀ ਕਿਤਾਬ ‘ਤੈਨੂੰ ਪਤੈ’ ਕੀਤੀ ਗਈ ਲੋਕ ਅਰਪਨ

Sunday, Jul 11, 2021 - 05:38 PM (IST)

ਇਪਸਾ ਵੱਲੋਂ ਨੇਚਰਦੀਪ ਕਾਹਲੋਂ ਦੀ ਕਿਤਾਬ ‘ਤੈਨੂੰ ਪਤੈ’ ਕੀਤੀ ਗਈ ਲੋਕ ਅਰਪਨ

ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸਾਹਿਤਕ ਇਕੱਤਰਤਾ ਕੀਤੀ ਗਈ, ਜਿਸ ਵਿਚ ਪੰਜਾਬੀ ਕਵਿੱਤਰੀ ਨੇਚਰਦੀਪ ਕਾਹਲੋਂ ਦੀ ਪਲੇਠੀ ਕਾਵਿ ਪੁਸਤਕ ‘ਤੈਨੂੰ ਪਤੈ’ ਲੋਕ ਅਰਪਨ ਕੀਤੀ ਗਈ। ਕਿਤਾਬ ਬਾਰੇ ਗੱਲ ਕਰਦਿਆਂ ਸਰਬਜੀਤ ਸੋਹੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਨੇਚਰਦੀਪ ਦੀ ਕਵਿਤਾ ਨਾਰੀ ਮਨ ਦੀਆਂ ਤੈਆਂ ਫਰੋਲਦੀ ਹੋਈ ਔਰਤ ਦੀਆਂ ਦੱਬੀਆਂ ਭਾਵਨਾਵਾਂ ਪੇਸ਼ ਕਰਦੀ ਹੈ। ਰੁਪਿੰਦਰ ਸੋਜ਼ ਨੇ ਨੇਚਰਦੀਪ ਦੀ ਕਵਿਤਾ ਦਾ ਸਵਾਗਤ ਕਰਦਿਆਂ ਇਸ ਨੂੰ ਮੌਲਿਕ ਅਤੇ ਸੂਖਮ ਨਕਸ਼ਾਂ ਵਾਲੀ ਕਾਵਿਕਾਰੀ ਕਿਹਾ। 

ਪੜ੍ਹੋ ਇਹ ਅਹਿਮ ਖਬਰ- 5 ਭਾਸ਼ਾਵਾਂ ਦੀ ਗਿਆਤਾ ਸ਼ੁੱਭਨੀਤ ਕੌਰ ਨੇ ਇਟਲੀ 'ਚ ਗੱਡੇ ਝੰਡੇ, ਪੜ੍ਹਾਈ 'ਚ ਹਾਸਲ ਕੀਤੇ 100 ਫੀਸਦੀ ਅੰਕ 

ਸਮਾਗਮ ਦੇ ਦੂਸਰੇ ਭਾਗ ਵਿਚ ਕਵੀ ਦਰਬਾਰ ਰਚਾਇਆ ਗਿਆ, ਜਿਸ ਵਿਚ ਹਾਜ਼ਰੀਨ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੀ ਸ਼ੁਰੂਆਤ ਸੁੱਖਨੈਬ ਭਦੌੜ ਨੇ ਗੁਰਮੇਲ ਭੁਟਾਲ ਦੇ ਸ਼ਾਨਦਾਰ ਗੀਤ ਨੂੰ ਆਪਣੀ ਆਵਾਜ਼ ਦੇ ਕੇ ਕੀਤੀ। ਇਸ ਉਪਰੰਤ ਰੁਪਿੰਦਰ ਸੋਜ਼, ਸਰਬਜੀਤ ਸੋਹੀ, ਪਾਲ ਰਾਊਕੇ, ਪੁਸ਼ਪਿੰਦਰ ਤੂਰ, ਸੁਰਜੀਤ ਸਿੰਘ, ਆਤਮਾ ਹੇਅਰ, ਦਲਵੀਰ ਹਲਵਾਰਵੀ ਅਤੇ ਮਨਜੀਤ ਬੋਪਾਰਾਏ ਜੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮਨਜੀਤ ਬੋਪਾਰਾਏ ਨੇ ਅੰਤ ਵਿਚ ਸਿੱਖ ਗੇਮਜ ਤਹਿਤ ਗਠਿਤ ਹੋਏ ਪੰਜਾਬੀ ਭਾਸ਼ਾ ਫੋਰਮ ਦੇ ਉਦੇਸ਼ਾਂ ਅਤੇ ਸੰਕਲਪ ਬਾਰੇ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਾਹਲ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ, ਰਛਪਾਲ ਹੇਅਰ, ਮੇਜਰ ਹੇਅਰ, ਸ਼ਮਸ਼ੇਰ ਸਿੰਘ ਚੀਮਾ ਅਤੇ ਮੁਖਤਾਰ ਸਿੰਘ ਚੀਮਾ ਆਦਿ ਹਾਜ਼ਰ ਸਨ।


author

Vandana

Content Editor

Related News