ਬ੍ਰਿਸਬੇਨ ਵਿਖੇ ਇਪਸਾ ਵੱਲੋਂ ਰੰਗਕਰਮੀ ਰਮਾ ਸੇਖੋਂ ਅਤੇ ਬਿਕਰਮ ਸੇਖੋਂ ਦਾ ਰੂ-ਬ-ਰੂ ਅਤੇ ਸਨਮਾਨ
Wednesday, Dec 29, 2021 - 11:10 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਕਵੀਨਜ਼ਲੈਂਡ ਫੇਰੀ 'ਤੇ ਆਈ ਮੈਲਬੌਰਨ ਦੀ ਸੇਖੋਂ ਜੋੜੀ ਦੇ ਸਨਮਾਨ ਹਿੱਤ ਇਕ ਅਦਬੀ ਸਮਾਗਮ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸ੍ਰੀਮਤੀ ਰਮਾ ਸੇਖੋਂ ਨੂੰ ਉਸ ਦੁਆਰਾ ਮੰਚ ਸੰਚਾਲਨ ਦੀਆਂ ਸੇਵਾਵਾਂ, ਰੰਗ ਮੰਚ ਅਤੇ ਸਾਹਿਤਕ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਉਹਨਾਂ ਦੇ ਨਾਲ ਉਹਨਾਂ ਦੇ ਪਤੀ ਬਿਕਰਮਜੀਤ ਸਿੰਘ ਸੇਖੋਂ ਨੂੰ ਵੀ ਸਾਹਿਤਕ ਗਤੀਵਿਧੀਆਂ ਦੀ ਕਵਰੇਜ ਅਤੇ ਪ੍ਰਸਾਰਣ ਕਾਰਜਾਂ ਲਈ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਅਤੇ ਆਏ ਹੋਏ ਮਹਿਮਾਨਾਂ ਦੇ ਤੁਆਰਫ਼ ਨਾਲ ਹੋਈ। ਇਸ ਉਪਰੰਤ ਕਵੀ ਦਰਬਾਰ ਵਿਚ ਸੁਰਜੀਤ ਸੰਧੂ, ਰੁਪਿੰਦਰ ਸੋਜ਼, ਸਰਬਜੀਤ ਸੋਹੀ, ਦਲਵੀਰ ਹਲਵਾਰਵੀ, ਪੁਸ਼ਪਿੰਦਰ ਤੂਰ, ਸੁਖਨੈਬ ਸਿੰਘ, ਹਰਜੀਤ ਕੌਰ ਸੰਧੂ, ਗੁਰਜੀਤ ਬਾਰੀਆ, ਜਰਨੈਲ ਬਾਸੀ, ਅਮਨਪ੍ਰੀਤ ਕੌਰ, ਮੀਤ ਧਾਲੀਵਾਲ ਆਦਿ ਲੇਖਕਾਂ/ਗਾਇਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਵਿਚ ਬਾਲ ਪੇਸ਼ਕਾਰ ਸੁਖਮਨ ਸੰਧੂ, ਅਸ਼ਮੀਤ ਸੰਧੂ ਅਤੇ ਅਜੇਬੀਰ ਨੇ ਬਾਲ ਕਵਿਤਾਵਾਂ ਨਾਲ ਸਭ ਦਾ ਮਨ ਮੋਹ ਲਿਆ। ਇਸ ਸਮਾਗਮ ਦੇ ਮਹਿਮਾਨ ਰਮਾ ਸੇਖੋਂ ਅਤੇ ਬਿਕਰਮ ਸੇਖੋਂ ਨੇ ਆਪਣੇ ਸੰਬੋਧਨ 'ਚ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਦਬੀ ਸਾਂਝ ਦੀਆਂ ਕੜੀਆਂ ਨੂੰ ਜੋੜਣ ਲਈ ਇਪਸਾ ਦੇ ਮੈਂਬਰਾਂ ਦਾ ਬਹੁਤ ਯੋਗਦਾਨ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ 'ਓਮੀਕਰੋਨ' ਦੀ ਦਹਿਸ਼ਤ, PM ਮੌਰੀਸਨ ਨੇ ਬੁਲਾਈ ਐਮਰਜੈਂਸੀ ਮੀਟਿੰਗ
ਰਮਾ ਸੇਖੋਂ ਨੇ ਆਪਣੇ ਰੰਗ-ਮੰਚ ਦੇ ਸਫ਼ਰ ਬਾਰੇ ਵਿਸਤਾਰ ਵਿਚ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀਆਂ ਦੋ ਕਵਿਤਾਵਾਂ ਨਾਲ ਸਟੇਜ 'ਤੇ ਭਰਵੀਂ ਹਾਜ਼ਰੀ ਲਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਚੀਮਾ, ਗੁਰਵਿੰਦਰ ਸਿੰਘ ਖੱਟੜਾ, ਪਾਲ ਰਾਊਕੇ, ਗੁਰਿੰਦਰ ਹੇਅਰ, ਕਮਲਦੀਪ ਸਿੰਘ ਬਾਜਵਾ, ਬਿਕਰਮਜੀਤ ਸਿੰਘ ਚੰਦੀ, ਸੰਦੀਪ ਕੌਰ, ਦੀਪਇੰਦਰ ਸਿੰਘ ਆਦਿ ਹਾਜ਼ਰ ਸਨ। ਅੰਤ ਵਿਚ ਇਪਸਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਨੇ ਆਈ ਹੋਈ ਮਹਿਮਾਨ ਜੋੜੀ ਦਾ ਧੰਨਵਾਦ ਕਰਦਿਆਂ ਆਪਣੇ ਤਰਕਸ਼ੀਲ ਵਿਚਾਰ, ਜੀਵਨ ਸਫ਼ਰ, ਪ੍ਰਾਪਤੀਆਂ ਅਤੇ ਯੋਗਦਾਨ ਦਾ ਜ਼ਿਕਰ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸੰਸਥਾ ਦੇ ਪ੍ਰਧਾਨ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।