ਇਪਸਾ ਵੱਲੋਂ ਬਲਵਿੰਦਰ ਸੰਧੂ ਅਤੇ ਨਿਰਮਲ ਦਿਓਲ ਦਾ ਸਨਮਾਨ ਅਤੇ ਕਵੀ ਦਰਬਾਰ ਆਯੋਜਿਤ

04/10/2022 10:38:39 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੂਰੇ ਵਿਸ਼ਵ ਦੀਆਂ ਪ੍ਰਵਾਸੀ ਸਾਹਿਤਕ ਸੰਸਥਾਵਾਂ ਵਿਚ ਸਭ ਤੋਂ ਸਰਗਰਮ ਅਤੇ ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ (ਇਪਸਾ) ਵੱਲੋਂ ਮਿਤੀ 9 ਅਪ੍ਰੈਲ ਨੂੰ ਅਦਬੀ ਸਮਾਗਮਾਂ ਦੀ ਮਾਸਿਕ ਲੜੀ ਤਹਿਤ ਸਾਹਿਤਕ ਸਮਾਗਮ ਆਯੋਜਿਤ ਗਿਆ। ਜਿਸ ਵਿਚ ਪੰਜਾਬ ਤੋਂ ਨਾਮਵਰ ਕਵੀ ਬਲਵਿੰਦਰ ਸੰਧੂ ਦਾ ਰੂ-ਬ-ਰੂ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਸਾਹਿਤ ਵਿਚ ਪਾਏ ਹੁਣ ਤੱਕ ਦੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪ੍ਰਸਿੱਧ ਗੀਤਕਾਰ ਨਿਰਮਲ ਦਿਓਲ ਜੀ ਨੂੰ ਸਨਮਾਨ ਚਿੰਨ੍ਹ ਅਤੇ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰੌੜ ਲੇਖਕ ਨਿਰੰਜਨ ਸਿੰਘ ਵਿਰਕ ਅਤੇ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਨੂੰ ਵੀ ਇਪਸਾ ਵੱਲੋਂ ਐਵਾਰਡ ਆਫ਼ ਆਨਰ ਨਾਲ ਨਿਵਾਜਿਆ ਗਿਆ।

ਸਮਾਗਮ ਦੇ ਪਹਿਲੇ ਭਾਗ ਵਿਚ ਕਵੀ ਦਰਬਾਰ ਦਾ ਆਰੰਭ ਹਰਜੀਤ ਕੌਰ ਸੰਧੂ ਦੀ ਗ਼ਜ਼ਲ ਨਾਲ ਹੋਇਆ। ਇਸ ਤੋਂ ਬਾਅਦ ਪਾਲ ਰਾਊਕੇ ਨੇ ਗੀਤ ਨਾਲ, ਬਾਲ ਅਸ਼ਮੀਤ ਸੰਧੂ ਅਤੇ ਸੁਖਮਨ ਸੰਧੂ ਨੇ ਬਾਲ ਗੀਤ ਰਾਹੀ, ਗੀਤਕਾਰ ਸੁਰਜੀਤ ਸੰਧੂ ਨੇ ਹਿੰਦ-ਪਾਕਿ ਸਾਂਝ ਨੂੰ ਸਮਰਪਿਤ ਗੀਤ ਨਾਲ, ਲੋਕ ਗਾਇਕ ਮੀਤ ਧਾਲੀਵਾਲ ਨੇ ਵੀ ਹਿੰਦ-ਪਾਕਿ ਦੋਸਤੀ ਨੂੰ ਸਮਰਪਿਤ ਗੀਤ, ਇਕਬਾਲ ਸਿੰਘ ਧਾਮੀ ਨੇ ਮਹਾਰਾਣੀ ਜਿੰਦਾ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਇਸ ਲੜੀ ਨੂੰ ਅੱਗੇ ਤੋਰਦਿਆਂ ਮਨਦੀਪ ਸਿੰਘ ਹੋਠੀ ਨੇ ਕਵਿਤਾ, ਸਰਬਜੀਤ ਸੋਹੀ ਨੇ ਨਜ਼ਮ ਨਾਲ, ਰੁਪਿੰਦਰ ਸੋਜ਼ ਨੇ ਕਵਿਤਾ ਨਾਲ ਭਰਵੀਂ ਹਾਜ਼ਰੀ ਲਵਾਈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਸਕੌਟ ਮੌਰੀਸਨ ਨੇ ਮਈ 'ਚ 'ਚੋਣਾਂ' ਕਰਾਉਣ ਦਾ ਕੀਤਾ ਐਲਾਨ

ਸਮਾਗਮ ਦੇ ਦੂਸਰੇ ਭਾਗ 'ਚ ਮਨਜੀਤ ਬੋਪਾਰਾਏ ਵਲੋ ਪਤਵੰਤਿਆਂ ਦਾ ਧੰਨਵਾਦ ਕਰਦਿਆ ਉਹਨਾਂ ਨੇ ਰੂਸ-ਯੂਕ੍ਰੇਨ ਯੁੱਧ ਬਾਰੇ ਇਕ ਭਾਵਪੂਰਨ ਕਵਿਤਾ ਪੇਸ਼ ਕੀਤੀ। ਇਸ ਤੋਂ ਬਾਅਦ ਗੀਤਕਾਰ ਰੱਤੂ ਰੰਧਾਵਾ ਨੇ ਦੋ ਗੀਤ ਬੋਲ ਕੇ ਦਾਦ ਹਾਸਲ ਕੀਤੀ। ਉਹਨਾਂ ਤੋਂ ਬਾਅਦ ਬਜ਼ੁਰਗ ਲੇਖਕ ਨਿਰੰਜਨ ਸਿੰਘ ਵਿਰਕ ਨੇ ਇਪਸਾ ਦੇ ਕੰਮਾਂ ਤਾਰੀਫ਼ ਕਰਦਿਆਂ ਇਸ ਨੂੰ ਪਰਵਾਸੀ ਧਰਤੀ ਤੇ ਸ਼ਲਾਘਾਯੋਗ ਉਪਰਾਲਾ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਗੀਤਕਾਰ ਨਿਰਮਲ ਸਿੰਘ ਦਿਓਲ ਨੇ ਸਾਹਿਤ ਅਤੇ ਪੁਸਤਕਾਂ ਦੇ ਬਾਰੇ ਬਹੁਤ ਮਹੱਤਵਪੂਰਨ ਵਿਚਾਰ ਪੇਸ਼ ਕੀਤੇ ਅਤੇ ਇੰਡੋਜ਼ ਲਾਇਬ੍ਰੇਰੀ ਵਿਚ ਲੱਗੇ ਮਰਹੂਮ ਹਸਤੀਆਂ ਦੇ ਪੋਰਟਰੇਟਾਂ ਨੂੰ ਬਹੁਤ ਵਧੀਆ ਪਹਿਲਕਦਮੀ ਕਿਹਾ। ਉਹ ਆਪਣੇ ਮਿੱਤਰ ਸਵਰਗੀ ਲੇਖਕ ਮੰਗਲ ਮਦਾਨ ਦੀ ਤਸਵੀਰ ਦੇਖ ਕੇ ਭਾਵੁਕ ਹੋਣੋਂ ਰਹਿ ਨਾ ਸਕੇ। 

ਅੰਤ ਵਿਚ ਪੰਜਾਬ ਤੋਂ ਆਏ ਸੂਖਮ ਕਵੀ ਬਲਵਿੰਦਰ ਸੰਧੂ ਨੇ ਜਿੱਥੇ ਸਿਰਜਣ ਪ੍ਰਕਿਰਿਆ ਅਤੇ ਜੀਵਨ ਸਫ਼ਰ ਬਾਰੇ ਗੱਲ-ਬਾਤ ਕੀਤੀ, ਉੱਥੇ ਇਕ ਤੋਂ ਬਾਅਦ ਇਕ ਸ਼ਾਨਦਾਰ ਕਵਿਤਾਵਾਂ ਦੀ ਪੇਸ਼ਕਾਰੀ ਕਰਦਿਆਂ ਸਰੋਤਿਆਂ ਦਾ ਮਨ ਮੋਹ ਲਿਆ।ਉਹਨਾਂ ਨੇ ਇਪਸਾ ਦੇ ਆਸਟ੍ਰੇਲੀਆ ਵਿਚ ਸਾਹਿਤਕ ਕਾਰਜਾਂ ਨੂੰ ਮੀਲ-ਪੱਥਰ ਆਖਦਿਆਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹੋ ਜਹੀਆਂ ਸੰਸਥਾਵਾਂ ਦੇ ਹੁੰਦਿਆਂ ਬਾਹਰਲੀਆਂ ਧਰਤੀਆਂ ਤੇ ਮਾਤ ਭਾਸ਼ਾ ਕਦੇ ਨਹੀਂ ਮਰ ਸਕਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਹਰ ਚੰਦ ਵਾਗਲਾ, ਸ਼ਮਸ਼ੇਰ ਸਿੰਘ ਚੀਮਾ, ਬਿਕਰਮਜੀਤ ਸਿੰਘ ਚੰਦੀ, ਦੀਪਇੰਦਰ ਸਿੰਘ, ਗੁਰਵਿੰਦਰ ਸਿੰਘ ਖੱਟੜਾ, ਜਸਵਿੰਦਰ ਬਰਾੜ ਆਦਿ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਅਤੇ ਸਰਬਜੀਤ ਸੋਹੀ ਵੱਲੋਂ ਸਾਂਝੇ ਰੂਪ ਵਿਚ ਨਿਭਾਈ ਗਈ।


Vandana

Content Editor

Related News