ਸਕਾਟਲੈਂਡ: ਗਲਾਸਗੋ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ
Saturday, Jun 18, 2022 - 02:54 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਨਾਮਵਾਰ ਸੰਸਥਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ (ਏ. ਆਈ. ਓ.) ਵੱਲੋਂ ਪੰਤਜਲੀ ਯੋਗ ਪੀਠ ਦੇ ਸਹਿਯੋਗ ਨਾਲ ਗਲਾਸਗੋ ਹਿੰਦੂ ਮੰਦਿਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੌਰਾਨ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦੀ ਤਰਫੋਂ ਕੌਂਸਲ ਜਨਰਲ ਬਿਜੇ ਸੇਲਵਰਾਜ ਤੇ ਕੌਂਸਲ ਜਨਰਲ ਸੱਤਿਆਵੀਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕੌਂਸਲ ਜਨਰਲ ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਈ। ਇਸ ਸਮੇਂ ਵੱਡੀ ਗਿਣਤੀ ਵਿੱਚ ਜੁੜੇ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਮੰਦਰ ਕਮੇਟੀ ਦੀ ਤਰਫੋਂ ਐਂਡਰਿਊ ਲਾਲ ਤੇ ਸੁਨੀਲ ਮਰਵਾਹਾ ਵੱਲੋਂ ਜੀ ਆਇਆਂ ਨੂੰ ਆਖਿਆ ਗਿਆ।
ਇਸ ਉਪਰੰਤ ਏ. ਆਈ. ਓ. ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ (ਐੱਮ. ਬੀ. ਈ.) ਨੇ ਆਪਣੇ ਵਿਸਥਾਰਤ ਸੰਬੋਧਨ ਦੌਰਾਨ ਜਿੱਥੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ, ਉੱਥੇ ਹਾ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਉਲੇਖ ਵੀ ਕੀਤਾ। ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫ਼ਤਰ ਵੱਲੋਂ ਸ੍ਰੀ ਬਿਜੇ ਸੇਲਵਰਾਜ ਤੇ ਸੱਤਿਆਵੀਰ ਸਿੰਘ ਨੇ ਇਸ ਦਿਵਸ ਦੀ ਹਾਰਦਿਕ ਵਧਾਈ ਪੇਸ਼ ਕਰਦਿਆਂ ਏ. ਆਈ. ਓ., ਮੰਦਰ ਕਮੇਟੀ ਦਾ ਸੁਚੱਜਾ ਸਮਾਗਮ ਉਲੀਕਣ ਲਈ ਧੰਨਵਾਦ ਵੀ ਕੀਤਾ। ਐੱਮ. ਬੀ. ਈ. ਮੰਜੁਲਿਕਾ ਸਿੰਘ ਨੇ ਹਾਜ਼ਰੀਨ ਨੂੰ ਯੋਗ ਦੇ ਆਸਨ ਕਰਵਾ ਕੇ ਤੰਦਰੁਸਤ ਰਹਿਣ ਦੇ ਗੁਰ ਦੱਸੇ।
ਲਗਭਗ ਤਿੰਨ ਘੰਟੇ ਚੱਲੇ ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਆਏ ਲੋਕ ਅਖੀਰ ਤੱਕ ਹਾਜ਼ਰ ਰਹੇ। ਏ. ਆਈ. ਓ. ਦੀ ਸਕੱਤਰ ਸ੍ਰੀਮਤੀ ਮਰਿਦੁਲਾ ਚੱਕਰਵਰਤੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਸੰਸਥਾ ਵੱਲੋਂ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਗਤੀਵਿਧੀਆਂ ਦੀ ਲੜੀ ਵਜੋਂ ਹੀ ਇਸ ਦਿਹਾੜੇ ਦਾ ਆਯੋਜਨ ਕੀਤਾ ਸੀ। ਏ. ਆਈ. ਓ. ਵੱਲੋਂ ਲੰਮੇ ਸਮੇਂ ਤੋਂ ਸਮੂਹ ਭਾਈਚਾਰਿਆਂ ਨੂੰ ਇੱਕ ਲੜੀ ਵਿੱਚ ਪ੍ਰੋਣ ਦੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਉਹਨਾਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਮੰਦਰ ਕਮੇਟੀ, ਪੰਤਜਲੀ ਯੋਗ ਪੀਠ, ਕੌਂਸਲ ਜਨਰਲ ਆਫ ਇੰਡੀਆ ਦਫ਼ਤਰ ਐਡਿਨਬਰਾ ਅਤੇ ਸਕਾਟਲੈਂਡ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਬੈਂਕ ਆਫ ਇੰਡੀਆ ਦੇ ਮੈਨੇਜਰ ਸ੍ਰੀ ਵਿਜੇ ਚੌਧਰੀ, ਬੌਬ ਚੱਢਾ ਐੱਮ. ਬੀ. ਈ., ਮਨਜੀਤ ਸਿੰਘ ਗਿੱਲ, ਸੰਤੋਖ ਸਿੰਘ ਸੋਹਲ, ਸ੍ਰੀਮਤੀ ਆਦਰਸ਼ ਖੁੱਲਰ, ਸੰਤੋਸ਼ ਮਲਹੋਤਰਾ, ਸਰੂਪ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।