ਪਾਕਿਸਤਾਨ ਦਾ ਅਪਮਾਨ, ਤੁਰਕੀ ਨੇ ਸ਼ਾਹਬਾਜ਼ ਸ਼ਰੀਫ ਦੇ ਦੌਰੇ ਨੂੰ ਰੱਦ ਕਰ ਕਤਰ ਦੇ ਅਮੀਰ ਦਾ ਕੀਤਾ ਸਵਾਗਤ
Tuesday, Feb 14, 2023 - 12:43 PM (IST)

ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਭੂਚਾਲ ਪ੍ਰਭਾਵਿਤ ਤੁਰਕੀ ਨੇ ਡੂੰਘਾ ਝਟਕਾ ਦਿੱਤਾ ਹੈ। ਦਰਅਸਲ, ਸ਼ਾਹਬਾਜ਼ ਨੇ ਭੂਚਾਲ ਪ੍ਰਭਾਵਿਤ ਤੁਰਕੀ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਸੀ, ਪਰ ਤੁਰਕੀ ਦੇ ਅਧਿਕਾਰੀਆਂ ਨੇ ਦੋ ਦਿਨ ਬਾਅਦ ਕਿਹਾ ਕਿ ਰਾਸ਼ਟਰਪਤੀ ਅੰਕਾਰਾ ਵਿੱਚ ਰਾਹਤ ਕਾਰਜਾਂ ਵਿੱਚ ਰੁੱਝੇ ਹੋਏ ਹਨ। ਉਥੇ ਹੀ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੇ ਐਤਵਾਰ ਨੂੰ ਤੁਰਕੀ ਪਹੁੰਚ ਕੇ ਰਾਸ਼ਟਰਪਤੀ ਰੇਸੇਪ ਤਾਇਪ ਏਰਦੋਗਨ ਨਾਲ ਮੁਲਾਕਾਤ ਕੀਤੀ, ਜਿਸ ਨੂੰ ਵਿਸ਼ਵ ਪੱਧਰ 'ਤੇ ਪਾਕਿਸਤਾਨ ਦੇ ਘੋਰ ਅਪਮਾਨ ਵਜੋਂ ਦੇਖਿਆ ਜਾ ਰਿਹਾ ਹੈ।
ਤੁਰਕੀ ਆਪਣੇ ਦੱਖਣ-ਪੂਰਬੀ ਖੇਤਰ ਅਤੇ ਗੁਆਂਢੀ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਰਾਹਤ ਕਾਰਜਾਂ ਨੂੰ ਤੇਜ਼ ਕਰਨ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਵਿਨਾਸ਼ਕਾਰੀ ਭੂਚਾਲ ਵਿੱਚ 33,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੋਣ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਗਿਣਤੀ ਦੁੱਗਣੀ ਵੀ ਹੋ ਸਕਦੀ ਹੈ। ਤੁਰਕੀ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਉਥੇ ਹੀ ਤੁਰਕੀ ਨੇ ਕਤਰ ਦੇ ਅਮੀਰ ਨੂੰ ਉੱਚ ਪੱਧਰੀ ਵਫ਼ਦ ਨਾਲ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਹੈ।
ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਐਤਵਾਰ ਨੂੰ ਤੁਰਕੀ ਪਹੁੰਚੇ। ਸ਼ੁੱਕਰਵਾਰ ਨੂੰ ਕਤਰ ਨੇ ਰਾਹਤ ਅਤੇ ਸਿਹਤ ਸਮੱਗਰੀ ਨਾਲ ਲੈਸ ਇਕ ਹਵਾਈ ਪੁਲ ਅਤੇ ਇੱਕ ਬਚਾਅ ਟੀਮ ਵੱਲੋਂ ਸ਼ੁਰੂਆਤੀ ਸਹਾਇਤਾ ਵੀ ਪ੍ਰਦਾਨ ਕੀਤੀ। ਨਾਲ ਹੀ 10,000 ਕੈਬਿਨ ਵੀ ਦਿੱਤੇ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਪ੍ਰਧਾਨ ਮੰਤਰੀ ਸ਼ਰੀਫ ਬੁੱਧਵਾਰ ਸਵੇਰੇ ਅੰਕਾਰਾ ਲਈ ਰਵਾਨਾ ਹੋਣਗੇ। ਉਹ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੂੰ ਮਿਲ ਕੇ ਭੂਚਾਲ ਨਾਲ ਤਬਾਹੀ, ਜਾਨੀ ਨੁਕਸਾਨ ਲਈ ਹਮਦਰਦੀ ਜ਼ਾਹਰ ਕਰਨਗੇ, ਪਰ ਪ੍ਰਧਾਨ ਮੰਤਰੀ ਦਾ ਤੁਰਕੀ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਸਹਿਯੋਗੀਆਂ ਨਾਲ ਸਲਾਹ ਕਰਕੇ ਨਵੀਂ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।'
ਇਹ ਵੀ ਪੜ੍ਹੋ: ਪੰਜਾਬ ’ਚ 11 ਮਹੀਨਿਆਂ ’ਚ 38175 ਕਰੋੜ ਰੁਪਏ ਦਾ ਆਇਆ ਨਿਵੇਸ਼ : ਮੁੱਖ ਮੰਤਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।