ਨਨਕਾਣਾ ਸਾਹਿਬ ਤੋਂ ਖਾਲਸਾ ਪੰਥ ਤੱਕ ਦਾ ਸਫ਼ਰ ਸਿੱਖੀ ਦੀ ਪੂਰਨਤਾ ਦਾ ਪ੍ਰਤੀਕ - ਜਥੇਦਾਰ ਗੜਗੱਜ

Monday, Jul 20, 2026 - 08:32 PM (IST)

ਨਨਕਾਣਾ ਸਾਹਿਬ ਤੋਂ ਖਾਲਸਾ ਪੰਥ ਤੱਕ ਦਾ ਸਫ਼ਰ ਸਿੱਖੀ ਦੀ ਪੂਰਨਤਾ ਦਾ ਪ੍ਰਤੀਕ - ਜਥੇਦਾਰ ਗੜਗੱਜ

ਸਲੋਹ (ਲੰਡਨ)- ਸਰਬਜੀਤ ਸਿੰਘ ਬਨੂੜ : ਵਿਦੇਸ਼ਾਂ 'ਚ ਵੱਸਦੇ ਪੰਜਾਬੀ ਆਪਣੀਆਂ ਜ਼ਮੀਨਾਂ ਨਾ ਵੇਚਣ ਤੇ ਆਪਣੇ ਪਿੰਡਾਂ ਨਾਲ ਰਿਸ਼ਤਾ ਕਦੇ ਨਾ ਤੋੜਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਭਰੇ ਹੋਏ ਦੀਵਾਨ ਹਾਲ ਵਿੱਚ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਖਾਲਿਸਤਾਨ ਪੱਖੀ ਆਗੂ ਅਤੇ ਸਮਰਥਕ ਮੌਜੂਦ ਸਨ। ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ ਦੇ ਪਿੱਛੇ ਖਾਲਿਸਤਾਨ ਨਾਲ ਸਬੰਧਤ ਬੋਰਡ ਲੱਗਾ ਹੋਇਆ ਸੀ, ਜਦਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣਾ ਸੰਬੋਧਨ ਕਵਿਸ਼ਰੀ ਮੰਚ ਤੋਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਾਡੀਆਂ ਜੜ੍ਹਾਂ ਹਨ ਅਤੇ ਜੜ੍ਹਾਂ ਤੋਂ ਟੁੱਟਿਆ ਦਰੱਖ਼ਤ ਲੰਮੇ ਸਮੇਂ ਤੱਕ ਹਰਾ ਨਹੀਂ ਰਹਿ ਸਕਦਾ।
ਉਨ੍ਹਾਂ ਮੌਜੂਦ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਜ਼ਰੂਰ ਕਰਵਾਏ ਜਾਣ, ਤਾਂ ਜੋ ਨਵੀਂ ਪੀੜ੍ਹੀ ਆਪਣੇ ਧਰਮ, ਇਤਿਹਾਸ ਅਤੇ ਕੌਮੀ ਸ਼ਹਾਦਤਾਂ ਨਾਲ ਜੁੜੀ ਰਹੇ। ਸਿੰਘ ਸਾਹਿਬ ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖੀ ਦਾ ਆਰੰਭ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਹੁੰਦਾ ਹੈ ਅਤੇ ਖਾਲਸਾ ਪੰਥ ਦੀ ਸਥਾਪਨਾ ਨਾਲ ਇਹ ਸਫ਼ਰ ਆਪਣੀ ਪੂਰਨਤਾ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਰਬਾਬ ਨੇ ਮਨੁੱਖਤਾ ਨੂੰ ਅੰਮ੍ਰਿਤਮਈ ਬਾਣੀ ਰਾਹੀਂ ਪਿਆਰ, ਸ਼ਾਂਤੀ ਅਤੇ ਸੱਚ ਦਾ ਸੰਦੇਸ਼ ਦਿੱਤਾ, ਉੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਨਾਲ ਜੁੜੇ ਨਗਾਰੇ ਨੇ ਗੁਲਾਮੀ ਵਿਰੁੱਧ ਅਣਖ, ਨਿਰਭੈਤਾ ਅਤੇ ਸੂਰਬੀਰਤਾ ਦੀ ਭਾਵਨਾ ਜਗਾਈ।

ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਰਬਾਬ ਅਤੇ ਨਗਾਰਾ, ਭਗਤੀ ਅਤੇ ਸ਼ਕਤੀ, ਮਾਲਾ ਅਤੇ ਖੰਡਾ ਇੱਕ-ਦੂਜੇ ਤੋਂ ਵੱਖ ਨਹੀਂ ਹਨ। ਸਿੱਖ ਧਰਮ ਵਿੱਚ ਆਧਿਆਤਮਿਕਤਾ ਦੇ ਨਾਲ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਵੀ ਬਰਾਬਰ ਮਹੱਤਵ ਰੱਖਦੀ ਹੈ। ਇਸ ਲਈ ਸਿੱਖ ਨੂੰ ਧਰਮ ਨਾਲ ਜੁੜੇ ਰਹਿੰਦਿਆਂ ਇਨਸਾਫ਼ ਅਤੇ ਸੱਚ ਲਈ ਵੀ ਖੜ੍ਹਾ ਹੋਣਾ ਪੈਂਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਦਾ ਪਹਿਲਾ ਗੁਣ ਨਿਮਰਤਾ ਹੈ। ਭਾਈ ਗੁਰਦਾਸ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਪਾਣੀ ਹਰ ਕਿਸੇ ਦੀ ਪਿਆਸ ਬੁਝਾਉਂਦਾ ਹੈ ਅਤੇ ਚੰਦਨ ਆਪਣੇ ਨੇੜੇ ਵਾਲਿਆਂ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ, ਉਸੇ ਤਰ੍ਹਾਂ ਗੁਰਸਿੱਖ ਦੀ ਸੰਗਤ ਮਨੁੱਖ ਨੂੰ ਚੰਗੇ ਗੁਣਾਂ ਨਾਲ ਜੋੜਦੀ ਹੈ। ਉਨ੍ਹਾਂ ਸ਼ਹੀਦਾਂ ਦੀ ਮਹਾਨਤਾ ਬਾਰੇ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਸਭ ਤੋਂ ਉੱਚਾ ਸਥਾਨ ਦਿੰਦੀ ਹੈ, ਕਿਉਂਕਿ ਉਹ ਮੌਤ ਦੇ ਡਰ ’ਤੇ ਵੀ ਜਿੱਤ ਹਾਸਲ ਕਰ ਲੈਂਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕਰਨ ਦੇ ਨਾਲ-ਨਾਲ ਜਿੱਥੇ ਲੋੜ ਹੋਵੇ, ਉੱਥੇ ਆਰਥਿਕ ਅਤੇ ਸਮਾਜਿਕ ਸਹਿਯੋਗ ਵੀ ਦਿੱਤਾ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੱਕ ਅਤੇ ਸੱਚ ਲਈ ਮੌਤ ਨੂੰ ਗਲੇ ਲਗਾ ਲੈਣਾ ਹੀ ਸਿੱਖੀ ਦੀ ਅਸਲ ਕਰਾਮਾਤ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਬਾਣੀ ਨਾਲ ਜੁੜਿਆ ਸਿੱਖ ਕਿਸੇ ਵੀ ਜ਼ੁਲਮ ਅੱਗੇ ਝੁਕਦਾ ਨਹੀਂ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਨਵੇਂ ਆਉਣ ਵਾਲੇ ਪੰਜਾਬੀ ਨੌਜਵਾਨਾਂ ਦੀ ਮਦਦ ਕਰਨਾ ਵੀ ਸੰਗਤ ਦਾ ਫਰਜ਼ ਹੈ। ਸਿੱਖ ਦਾ ਸਰਬ ਸਾਂਝੀਵਾਲਤਾ ਦਾ ਸਿਧਾਂਤ ਹਰ ਮਨੁੱਖ ਨਾਲ ਪਿਆਰ ਅਤੇ ਸੇਵਾ ਕਰਨ ਦੀ ਪ੍ਰੇਰਣਾ ਦਿੰਦਾ ਹੈ। ਕੋਵਿਡ-19 ਦੌਰਾਨ ਸਿੱਖ ਲੰਗਰ ਸੇਵਾ ਦੀ ਦੁਨੀਆ ਭਰ ਵਿੱਚ ਹੋਈ ਸ਼ਲਾਘਾ ਇਸ ਦੀ ਜ਼ਿੰਦਾ ਮਿਸਾਲ ਹੈ। ਜਥੇਦਾਰ ਗੜਗੱਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰੂ ਦੱਸਦਿਆਂ ਕਿਹਾ ਕਿ ਹਰ ਸੁੱਖ-ਦੁੱਖ ਵਿੱਚ ਗੁਰੂ ਦੀ ਬਾਣੀ ਹੀ ਸਿੱਖ ਦੀ ਰਹਿਨੁਮਾਈ ਕਰਦੀ ਹੈ। ਉਨ੍ਹਾਂ ਸੰਗਤ ਨੂੰ ਨਾਮ ਬਾਣੀ ਨਾਲ ਜੁੜੇ ਰਹਿਣ, ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਅਤੇ ਆਪਸੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਨੂੰ ਖ਼ਾਸ ਅਪੀਲ ਕੀਤੀ ਕਿ ਘਰਾਂ ਵਿੱਚ ਪੰਜਾਬੀ ਭਾਸ਼ਾ ਜ਼ਰੂਰ ਬੋਲੀ ਜਾਵੇ, ਤਾਂ ਜੋ ਬੱਚੇ ਆਪਣੀ ਮਾਂ-ਬੋਲੀ, ਗੁਰਬਾਣੀ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ। ਅੰਤ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸਿੱਖ ਕੌਮ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਦਿਆਂ ਸੰਗਤ ਨੂੰ ਗੁਰੂ ਦੀ ਬਾਣੀ ’ਤੇ ਅਡੋਲ ਵਿਸ਼ਵਾਸ ਰੱਖਣ, ਮਿਲ-ਜੁਲ ਕੇ ਰਹਿਣ ਅਤੇ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਸਾਹਿਬ ਵੱਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਦੇ ਮਾਮੀ ਤੇ ਸ਼ਹੀਦ ਭਾਈ ਬਰਜਿੰਦਰ ਸਿੰਘ ਰਾਜੂ ਦੀ ਮਾਤਾ ਬੀਬੀ ਸੁਰਜੀਤ ਕੌਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਭਾਈ ਜਸਕਰਨ ਸਿੰਘ, ਪੌਲ ਸਹੋਤਾ, ਭਾਈ ਅਮਰਜੀਤ ਸਿੰਘ ਐਮੋ, ਸੁਖਦੀਪ ਸਿੰਘ ਰੰਧਾਵਾ, ਬਲਜਿੰਦਰ ਸਿੰਘ ਜੌਹਲ, ਸਿੱਖ ਫੈਡਰੇਸ਼ਨ ਯੂਕੇ ਦੇ ਸ. ਜਸਪਾਲ ਸਿੰਘ, ਸਾਬਕਾ ਮੇਅਰ  ਜੋਗਿੰਦਰ ਸਿੰਘ ਬੱਲ, ਸਾਧੂ ਸਿੰਘ, ਦਲ ਖ਼ਾਲਸਾ ਇੰਟਰਨੈਸ਼ਨਲ ਦੇ ਪ੍ਰਧਾਨ ਗੁਰਚਰਨ ਸਿੰਘ, ਸਿੱਖਸ ਫ਼ਾਰ ਜਸਟਿਸ (ਐਸ.ਐਫ.ਜੇ.) ਦੇ ਮੰਗਲ ਸਿੰਘ, ਸੁਰਜੀਤ ਸਿੰਘ ਮੱਲ੍ਹੀ, ਅਨੂਪ ਸਿੰਘ, ਸਤਿੰਦਰਪਾਲ ਸਿੰਘ ਮੰਗੂਵਾਲ, ਸ਼ਹੀਦ ਨਾਗੋਕੇ ਦੇ ਬੇਟੇ ਅਜੈਪਾਲ ਸਿੰਘ ਨਾਗੋਕੇ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਮੁੱਖ ਸਟੇਜ ਪਿੱਛੇ ਲੱਗੇ ਖਾਲਿਸਤਾਨ ਨਾਲ ਸਬੰਧਤ ਬੋਰਡ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਵਿਵਾਦ ਬਣਿਆ ਰਿਹਾ ਸੀ। ਭਾਰਤੀ ਮੀਡੀਆ ਵਿੱਚ ਪ੍ਰਸਾਰਿਤ ਕੁਝ ਰਿਪੋਰਟਾਂ ਤੋਂ ਬਾਅਦ ਇਸ ਮਾਮਲੇ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਯੂਕੇ ਦੇ ਚੈਰਿਟੀ ਕਮਿਸ਼ਨ ਵਿਚਾਲੇ ਲੰਬੇ ਸਮੇਂ ਤੱਕ ਪੱਤਰ-ਵਿਹਾਰ ਅਤੇ ਕਾਰਵਾਈ ਚੱਲਦੀ ਰਹੀ। ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸਾਹਿਬ ਦੀ ਮੁੱਖ ਸਟੇਜ ਦੀ ਬਜਾਏ ਕਵਿਸ਼ਰੀ ਮੰਚ ਤੋਂ ਸੰਗਤ ਨੂੰ ਸੰਬੋਧਨ ਕੀਤਾ, ਜਦਕਿ ਮੁੱਖ ਸਟੇਜ ਦੇ ਪਿੱਛੇ ਖਾਲਿਸਤਾਨ ਨਾਲ ਸਬੰਧਤ ਬੋਰਡ ਪਹਿਲਾਂ ਵਾਂਗ ਹੀ ਲੱਗਾ ਰਿਹਾ। ਇਸ ਮੌਕੇ ਜਥੇਦਾਰ ਗੜਗੱਜ ਨਾਲ ਖਾਲਿਸਤਾਨ ਪੱਖੀ ਭਾਈ ਗੁਰਚਰਨ ਸਿੰਘ ਤੇ ਭਾਈ ਮੰਗਲ ਸਿੰਘ ਨੇ ਵੀ ਗੱਲਬਾਤ ਕੀਤੀ।


author

Shubam Kumar

Content Editor

Related News