ਹੇਜ਼ ’ਚ 27ਵਾਂ ਬਾਲਾ ਪ੍ਰੀਤਮ ਮਹਾਨ ਗੁਰਮਤਿ ਸਮਾਗਮ ਚੜ੍ਹਦੀਕਲਾ ਨਾਲ ਸੰਪੰਨ

Monday, Jul 20, 2026 - 11:21 AM (IST)

ਹੇਜ਼ ’ਚ 27ਵਾਂ ਬਾਲਾ ਪ੍ਰੀਤਮ ਮਹਾਨ ਗੁਰਮਤਿ ਸਮਾਗਮ ਚੜ੍ਹਦੀਕਲਾ ਨਾਲ ਸੰਪੰਨ

ਹੇਜ਼ (ਲੰਡਨ) - ਸਰਬਜੀਤ ਸਿੰਘ ਬਨੂੜ - ਗੁਰਦੁਆਰਾ ਗੁਰੂ ਨਾਨਕ ਗਰੀਬ ਨਿਵਾਜ, ਸਪਰਿੰਗਫੀਲਡ ਰੋਡ, ਹੇਜ਼ (ਲੰਡਨ) ਦੇ ਖੁੱਲ੍ਹੇ ਮੈਦਾਨ ਵਿੱਚ ਕਰਵਾਇਆ ਗਿਆ ਤਿੰਨ ਰੋਜ਼ਾ 27ਵਾਂ ਬਾਲਾ ਪ੍ਰੀਤਮ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ, ਸਤਿਕਾਰ ਅਤੇ ਚੜ੍ਹਦੀਕਲਾ ਦੇ ਮਾਹੌਲ ਵਿੱਚ ਸੰਪੰਨ ਹੋ ਗਿਆ। ਇਸ ਧਾਰਮਿਕ ਸਮਾਗਮ ਵਿੱਚ ਭਾਰਤ, ਯੂਰਪ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਪੁੱਜੇ ਸੰਤ-ਮਹਾਪੁਰਖਾਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ।

ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਵਿਸ਼ਾਲ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਹੇਠ ਤਿੰਨਾਂ ਦਿਨਾਂ ਦੌਰਾਨ ਗੁਰਬਾਣੀ ਕੀਰਤਨ, ਕਥਾ-ਵਿਚਾਰ, ਨਾਮ ਸਿਮਰਨ ਅਤੇ ਗੁਰਮਤਿ ਪ੍ਰਚਾਰ ਦਾ ਪ੍ਰਵਾਹ ਨਿਰੰਤਰ ਚੱਲਦਾ ਰਿਹਾ। ਸੰਤ-ਮਹਾਪੁਰਖਾਂ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਉਪਦੇਸ਼ਾਂ ’ਤੇ ਚੱਲਣ, ਗੁਰਬਾਣੀ ਨਾਲ ਜੁੜਨ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ।

PunjabKesari

ਇਹ ਸਮਾਗਮ ਸੰਤ ਬਾਬਾ ਅਮਰ ਸਿੰਘ ਜੀ ਬੰੜੂਦੀ ਵਾਲਿਆਂ ਅਤੇ ਸਮੂਹ ਸੰਗਤ ਕਾਬਲ (ਅਫ਼ਗਾਨਿਸਤਾਨ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਮੀਰੀ-ਪੀਰੀ ਜਥਾ ਜਗਾਧਰੀ ਵਾਲੇ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਸਿੰਘ ਸਾਹਿਬ ਗਿਆਨੀ ਗਜਿੰਦਰ ਸਿੰਘ, ਭਾਈ ਅਮਰਜੀਤ ਸਿੰਘ ਨਾਨਕਸਰ ਵਾਲੇ, ਸਿੰਘ ਸਾਹਿਬ ਭਾਈ ਬਲਜੀਤ ਸਿੰਘ, ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲੇ, ਭਾਈ ਚਮਨਜੀਤ ਸਿੰਘ ਦਿੱਲੀ ਵਾਲੇ, ਭਾਈ ਅਮਰਜੀਤ ਸਿੰਘ ਪਟਿਆਲਾ, ਭਾਈ ਬਲਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕਿਰਪਾਲ ਸਿੰਘ, ਭਾਈ ਕਾਰਜ ਸਿੰਘ ਸਮੇਤ ਸੰਤ ਸਮਾਜ ਨਾਲ ਸਬੰਧਤ ਅਨੇਕਾਂ ਮਹਾਪੁਰਖਾਂ, ਰਾਗੀ, ਢਾਡੀ ਅਤੇ ਕਥਾਵਾਚਕਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਦਾ ਰਸਭਿੰਨਾ ਪ੍ਰਚਾਰ ਕੀਤਾ।

ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਵੀ ਸ਼ਮੂਲੀਅਤ ਕਰਦਿਆਂ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ, ਗੁਰਮਤਿ ਨਾਲ ਜੁੜੇ ਰਹਿਣ ਅਤੇ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਸਮਾਗਮ ਦੌਰਾਨ ਗੁਰੂ ਕਾ ਅਤੁੱਟ ਲੰਗਰ ਨਿਰੰਤਰ ਵਰਤਾਇਆ ਗਿਆ, ਜਦਕਿ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸੇਵਾ ਕਰਕੇ ਗੁਰੂ ਘਰ ਦੀ ਪਰੰਪਰਾ ਨੂੰ ਕਾਇਮ ਰੱਖਿਆ। ਸਮਾਗਮ ਦੇ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਨੇ ਸਮੂਹ ਸੇਵਾਦਾਰਾਂ, ਸਹਿਯੋਗੀ ਸੰਸਥਾਵਾਂ ਅਤੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News