ਗਾਜ਼ਾ ’ਚ ਜੰਗ ਦੇ ਦੌਰਾਨ ਅੰਦਰੂਨੀ, ਸਿਆਸਤ ’ਚ ਘਿਰੇ ਨੇਤਨਯਾਹੂ, ਵਾਰ ਕੈਬਨਿਟ ਭੰਗ
Tuesday, Jun 18, 2024 - 11:20 AM (IST)
ਤੇਲ ਅਵੀਵ (ਭਾਸ਼ਾ) - ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਲਈ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਵਿਸ਼ਵ ਪੱਧਰ 'ਤੇ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਨੇਤਨਯਾਹੂ ਨੂੰ ਹੁਣ ਘਰੇਲੂ ਪੱਧਰ ’ਤੇ ਵੀ ਦਬਾਅ ਝੱਲਣਾ ਪੈ ਰਿਹਾ ਹੈ। ਨੇਤਨਯਾਹੂ ਨੇ ਗਾਜ਼ਾ ਵਿਚ ਚੱਲ ਰਹੀ ਜੰਗ ਲਈ ਬਣਾਈ ਗਈ 6 ਮੈਂਬਰੀ ਵਾਰ ਕੈਬਨਿਟ ਨੂੰ ਭੰਗ ਕਰ ਦਿੱਤਾ ਗਿਆ ਹੈ।
ਇਜ਼ਰਾਈਲ ਵਿਚ ਇਸ ਸਮੇਂ ਗੱਠਜੋੜ ਦੀ ਸਰਕਾਰ ਚੱਲ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਵਿਰੋਧੀ ਧਿਰ ਦੇ ਨੇਤਾ ਬੈਨੀ ਗੈਂਟਜ਼ ਦੇ ਸਰਕਾਰ ਤੋਂ ਬਾਹਰ ਚਲੇ ਜਾਣ ਦੇ ਬਾਅਦ ਇਸ ‘ਵਾਰ ਕੈਬਨਿਟ’ ਨੂੰ ਭੰਗ ਕਰ ਦਿੱਤਾ ਗਿਆ।
ਬੈਨੀ ਗੈਂਟਜ਼ ਹਮਾਸ ਦੇ ਵਿਰੁੱਧ ਜੰਗ ਦੇ ਸ਼ੁਰੂਆਤੀ ਦਿਨਾਂ ਵਿਚ ਇਜ਼ਰਾਈਲ ਦੀ ਗੱਠਜੋੜ ਸਰਕਾਰ ਵਿਚ ਸ਼ਾਮਲ ਹੋਏ ਸਨ। ਗੈਂਟਜ਼ ਨੇ ਮੰਗ ਕੀਤੀ ਸੀ ਕਿ ਨੇਤਨਯਾਹੂ ਦੀ ਸਰਕਾਰ ਵਿਚ ਅਤੀ-ਦੱਖਣਪੰਥੀ ਸੰਸਦ ਮੈਂਬਰਾਂ ਨੂੰ ਪਾਸੇ ਕਰਨ ਲਈ ਇਕ ਛੋਟਾ ਮੰਤਰੀ ਮੰਡਲ ਬਣਾਇਅਾ ਜਾਵੇ। ਗੈਂਟਜ਼, ਨੇਤਨਯਾਹੂ ਅਤੇ ਰੱਖਿਆ ਮੰਤਰੀ ਯੋਅਾਵ ਗੈਲੈਂਟ ਇਸਦੇ ਮੈਂਬਰ ਸਨ ਅਤੇ ਯੁੱਧ ਦੌਰਾਨ ਇਕੱਠੇ ਮਹੱਤਵਪੂਰਨ ਫੈਸਲੇ ਲਏ।
ਇਜ਼ਰਾਈਲੀ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਹ ਗੱਲ ਕਹੀ ਕਿਉਂਕਿ ਉਨ੍ਹਾਂ ਨੂੰ ਮੀਡੀਆ ਨਾਲ ਇਸ ਬਦਲਾਅ 'ਤੇ ਚਰਚਾ ਕਰਨ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਅੱਗੇ ਜਾ ਕੇ ਨੇਤਨਯਾਹੂ ਨਾਜ਼ੁਕ ਮੁੱਦਿਆਂ ’ਤੇ ਆਪਣੀ ਸਰਕਾਰ ਦੇ ਕੁਝ ਮੈਂਬਰਾਂ ਨਾਲ ਛੋਟੀਆਂ-ਛੋਟੀਆਂ ਮੀਟਿੰਗਾਂ ਕਰਨਗੇ। ਨੇਤਨਯਾਹੂ ਦੇ ਪੁਰਾਣੇ ਸਿਆਸੀ ਵਿਰੋਧੀ ਗੈਂਟਜ਼, ਦੱਖਣੀ ਇਜ਼ਰਾਈਲ ’ਤੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਕਜੁੱਟਤਾ ਦਿਖਾਉਣ ਲਈ ਸਰਕਾਰ ਵਿਚ ਸ਼ਾਮਲ ਹੋਏ ਸਨ।
ਉਨ੍ਹਾਂ ਨੇਤਨਯਾਹੂ ਦੇ ਜੰਗ ਨਾਲ ਨਜਿੱਠਣ ਦੇ ਤਰੀਕੇ 'ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਇਸ ਮਹੀਨੇ ਦੇ ਸ਼ੁਰੂ ਵਿਚ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ।
ਆਲੋਚਕਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਦੇ ਜੰਗ ਦੇ ਸਮੇਂ ਦੇ ਫੈਸਲੇ ਉਨ੍ਹਾਂ ਦੀ ਸਰਕਾਰ ਦੇ ਅਤਿ-ਰਾਸ਼ਟਰਵਾਦੀਆਂ ਤੋਂ ਪ੍ਰਭਾਵਿਤ ਹਨ, ਜੋ ਬੰਧਕਾਂ ਦੀ ਰਿਹਾਈ ਦੇ ਬਦਲੇ ਜੰਗਬੰਦੀ ਲਿਆਉਣ ਵਾਲੇ ਸਮਝੌਤੇ ਦਾ ਵਿਰੋਧ ਕਰਦੇ ਹਨ।
ਉਨ੍ਹਾਂ ਨੇ ਗਾਜ਼ਾ ਪੱਟੀ ਤੋਂ ਫਿਲਸਤੀਨੀਆਂ ਦੇ ‘ਸਵੈਇੱਛਤ ਪ੍ਰਵਾਸ’ ਅਤੇ ਇਸ ਇਲਾਕੇ ’ਤੇ ਮੁੜ ਕਬਜ਼ਾ ਕਰਨ ਲਈ ਸਮਰਥਨ ਜ਼ਾਹਿਰ ਕੀਤਾ ਹੈ। ਨੇਤਨਯਾਹੂ ਨੇ ਦੋਸ਼ਾਂ ਤੋਂ ਨਾਂਹ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਦੇਸ਼ ਦੇ ਸਰਵੋਤਮ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹਨ।