ਕਾਬੁਲ ''ਚ ਫਸਿਆ 2 ਸਾਲ ਦਾ ਮਾਸੂਮ, ਮਾਪਿਆਂ ਨੇ ਬਾਈਡੇਨ ਸਰਕਾਰ ਨੂੰ ਲਾਈ ਗੁਹਾਰ

Friday, Dec 24, 2021 - 06:24 PM (IST)

ਕਾਬੁਲ ''ਚ ਫਸਿਆ 2 ਸਾਲ ਦਾ ਮਾਸੂਮ, ਮਾਪਿਆਂ ਨੇ ਬਾਈਡੇਨ ਸਰਕਾਰ ਨੂੰ ਲਾਈ ਗੁਹਾਰ

ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਕਈ ਲੋਕ ਦੇਸ਼ ਛੱਡ ਕੇ ਜਾ ਚੁੱਕੇ ਹਨ। ਇਸ ਦੌਰਾਨ 2 ਸਾਲ ਦਾ ਮਾਸੂਮ ਹੰਜ਼ਾਲਾ ਅਫਗਾਨਿਸਤਾਨ ਵਿਚ ਹੀ ਰਹਿ ਗਿਆ ਅਤੇ ਉੱਥੇ ਹੀ ਫਸਿਆ ਹੋਇਆ ਹੈ।ਅਸਲ ਵਿਚ ਜਦੋਂ ਲੋਕ ਦੇਸ਼ ਛੱਡ ਕੇ ਭੱਜ ਰਹੇ ਸਨ, ਉਸ ਦੌਰਾਨ ਹੰਜ਼ਾਲਾ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸੀ। ਉਦੋਂ ਤੋਂ ਉਸ ਦੇ ਮਾਤਾ-ਪਿਤਾ ਉਸ ਨੂੰ ਆਪਣੇ ਕੋਲ ਲਿਆਉਣ ਦੀ ਪੂਰੀ ਕੋਸ਼ਿਸ਼ ਵਿਚ ਜੁਟੇ ਹੋਏ ਹਨ।ਮਾਤਾ-ਪਿਤਾ ਬਾਈਡੇਨ ਸਰਕਾਰ ਨੂੰ ਵੀ ਬੇਟੇ ਨੂੰ ਵਾਪਸ ਲਿਆਉਣ ਵਿਚ ਮਦਦ ਦੀ ਮੰਗ ਕਰ ਰਹੇ ਹਨ ਫਿਲਹਾਲ ਹੰਜ਼ਾਲਾ ਉਹਨਾਂ ਤੋਂ ਹਜ਼ਾਰਾਂ ਮੀਲ ਦੂਰ ਹੈ।

16 ਅਗਸਤ, 2021 ਦੀ ਸਵੇਰ ਨੂਰੂਲਾਹਕ ਹਾਦੀ ਅਤੇ ਉਹਨਾਂ ਦਾ ਪਰਿਵਾਰ ਕਾਬੁਲ ਦੇ ਹਵਾਈ ਅੱਡੇ ਵੱਲ ਜਾ ਰਹੇ ਸਨ ਤਾਂ ਜੋ ਉਹ ਕਿਸੇ ਸੁਰੱਖਿਅਤ ਜਗ੍ਹਾ 'ਤੇ ਪਹੁੰਚ ਸਕਣ ਪਰ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਦੌਰਾਨ ਹੋਈ ਭੱਜਦੌੜ ਵਿਚ ਵਿਚ ਨੂਰੂਲਾਹਕ ਹਾਦੀ ਦਾ ਪਰਿਵਾਰ ਫਸ ਗਿਆ। ਨੂਰੂਹਾਲਕ ਦੀ ਪਤਨੀ ਨਸੀਮਾ ਅਤੇ ਉਹਨਾਂ ਦਾ ਇਕ ਸਾਲ ਦਾ ਬੇਟਾ ਤਾਂ ਕਿਸੇ ਤਰ੍ਹਾਂ ਗੇਟ ਤੱਕ ਪਹੁੰਚ ਗਏ ਪਰ ਇਸ ਮਗਰੋਂ ਗੇਟ ਬੰਦ ਕਰ ਦਿੱਤੇ ਗਏ। ਐੱਨ.ਬੀ.ਸੀ. ਨਿਊਜ਼ ਮੁਤਾਬਕ ਨੂਰੂਲਾਹਕ ਆਪਣੇ ਬੇਟੇ ਹੰਜ਼ਾਲਾ ਨਾਲ ਗੇਟ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਨੂਰੂਲਾਹਕ ਨੇ ਦੱਸਿਆ ਕਿ ਉਸ ਦੌਰਾਨ ਤਾਲਿਬਾਨ ਦੇ ਲੜਾਕੇ ਲੋਕਾਂ ਨੂੰ ਮਾਰਨ ਲਈ ਆ ਰਹੇ ਸਨ ਇਸ ਲਈ ਆਪਣੇ ਬੇਟੇ ਨੂੰ ਬਚਾਉਣ ਲਈ ਆਪਣੇ ਭਰਾ ਤੋਂ ਮਦਦ ਮੰਗੀ। ਉਹਨਾਂ ਨੇ ਭਰਾ ਨੂੰ ਹੰਜ਼ਾਲਾ ਨੂੰ ਪਾਣੀ ਪਿਲਾਉਣ ਲਈ ਕਿਹਾ ਅਤੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਹਵਾਈ ਅੱਡੇ 'ਤੇ ਐਂਟਰੀ ਨਹੀਂ ਮਿਲ ਜਾਂਦੀ ਉਦੋਂ ਤੱਕ ਉਸ ਨੂੰ ਆਪਣੇ ਕੋਲ ਹੀ ਰੱਖੇ।  

ਫਿਰ ਉਹ ਕਿਸੇ ਤਰ੍ਹਾਂ ਹਵਾਈ ਅੱਡੇ ਦੇ ਅੰਦਰ ਹਵਾਈ ਜਹਾਜ਼ ਤੱਕ ਤਾਂ ਪਹੁੰਚ ਗਏ ਪਰ ਉਹਨਾਂ ਦਾ ਭਰਾ ਹੰਜ਼ਾਲਾ ਨੂੰ ਲੈਕੇ ਹਵਾਈ ਅੱਡੇ ਦੇ ਅੰਦਰ ਦਾਖਲ ਨਹੀਂ ਹੋ ਸਕਿਆ ਸੀ। ਉਹਨਾਂ ਨੇ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਮਦਦ ਮੰਗੀ ਪਰ ਉਹਨਾਂ ਨੂੰ ਇਹ ਕਹਿੰਦੇ ਹੋਏ ਮਨਾ ਕਰ ਦਿੱਤਾ ਗਿਆ ਕਿ ਹੁਣ ਕੁਝ ਨਹੀਂ ਹੋ ਸਕਦਾ। ਇਸ ਮਗਰੋਂ ਉਹਨਾਂ ਦਾ ਜਹਾਜ਼ ਰਵਾਨਾ ਹੋ ਗਿਆ। ਇਸ ਗੱਲ ਨੂੰ ਚਾਰ ਮਹੀਨੇ ਹੋ ਚੁੱਕੇ ਹਨ। ਨੂਰੂਲਾਹਕ ਅਤੇ ਉਹਨਾਂ ਦਾ ਪਰਿਵਾਰ ਅਮਰੀਕਾ ਦੇ ਫਿਲਾਡੇਲਫੀਆ ਵਿਚ ਹੈ ਪਰ ਹੰਜ਼ਾਲਾ ਹਾਲੇ ਵੀ ਅਫਗਾਨਿਸਤਾਨ ਵਿਚ ਫਸਿਆ ਹੋਇਆ ਹੈ। ਉਦੋਂ ਤੋਂ ਉਹ ਆਪਣੇ ਬੇਟੇ ਨੂੰ ਪਾਉਣ ਲਈ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਫਿਲਾਡੇਲਫੀਆ ਤੋਂ ਕਾਬੁਲ ਦੀ ਦੂਰੀ 10,593 ਕਿਲੋਮੀਟਰ ਹੈ। 

ਪੜ੍ਹੋ ਇਹ ਅਹਿਮ ਖਬਰ -ਬੰਗਲਾਦੇਸ਼ : ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 36 ਲੋਕਾਂ ਦੀ ਮੌਤ ਤੇ 200 ਤੋਂ ਵੱਧ ਜ਼ਖਮੀ

ਨੂਰੂਲਾਹਕ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਹੰਜ਼ਾਲਾ ਨੂੰ ਉਹਨਾਂ ਨੂੰ ਸੌਂਪ ਦਿੱਤਾ ਜਾਵੇਗਾ ਪਰ ਹੁਣ ਨਵੀਂ ਰੁਕਾਵਟ ਸਾਹਮਣੇ ਆ ਗਈ ਹੈ। ਅਸਲ ਵਿਚ ਅਫਗਾਨ ਸ਼ਰਨਾਰਥੀਆਂ ਲਈ ਅਮਰੀਕਾ ਜਾਣ ਵਾਲੀਆਂ ਸਾਰੀਆਂ ਉਡਾਣਾਂ ਦੀ ਨਿਗਰਾਨੀ ਕਰਨ ਵਾਲੇ ਕਤਰ ਨੇ ਹੁਣ ਨਵੇਂ ਨਿਯਮ ਬਣਾ ਦਿੱਤੇ ਹਨ। ਇਸ ਮੁਤਾਬਕ ਹਰ ਅਫਗਾਨੀ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ। ਉਹਨਾਂ ਨੇ ਦੱਸਿਆ ਕਿ ਅਗਸਤ ਵਿਚ ਤਾਲਿਬਾਨ ਦੇ ਸੱਤਾ ਵਿਚ ਪਰਤਣ ਦੇ ਬਾਅਦ ਅਫਗਾਨੀਆਂ ਲਈ ਪਾਸਪੋਰਟ ਹਾਸਲ ਕਰਨਾ ਬਹੁਤ ਮੁਸ਼ਕਲ ਅਤੇ ਖਤਰਨਾਕ ਹੋ ਗਿਆ ਹੈ। ਅਮਰੀਕੀ ਫ਼ੌਜ ਜਾਂ ਹੋਰ ਪੱਛਮੀ ਸਮਰਥਿਤ ਸੰਗਠਨਾਂ ਨਾਲ ਕੰਮ ਕਰਨ ਵਾਲੇ ਅਫਗਾਨਾਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਅਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ। ਇਸ ਦੌਰਾਨ ਲੋਕਾਂ ਲਈ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ। ਉੱਥੇ ਸ਼ਰਨਾਰਥੀ ਵਕੀਲਾਂ ਨੇ ਦੱਸਿਆ ਕਿ ਕਾਬੁਲ ਵਿਚ ਪਾਸਪੋਰਟ ਦਫਤਰ ਕਈ ਹਫ਼ਤਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਪਿਛਲੇ ਹਫ਼ਤੇ ਮੁੜ ਖੋਲ੍ਹ ਦਿੱਤਾ ਗਿਆ। 

ਅਫਗਾਨ ਰਾਸ਼ਟਰੀ ਪੁਲਸ ਨਾਲ ਕੰਮ ਕਰਨ ਕਾਰਨ ਹਾਦੀ ਕੋਲ ਯੂ.ਐੱਸ. ਦਾ ਵਿਸ਼ੇਸ਼ ਗੈਰ ਪ੍ਰਵਾਸੀ ਵੀਜ਼ਾ ਹੈ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਉਹ ਅਤੇ ਉਸ ਦਾ ਪਰਿਵਾਰ ਕਤਰ ਤੱਕ ਜਾਂਦਾ ਹੈ ਤਾਂ ਉਹਨਾਂ ਨੂੰ ਉਹਨਾਂ ਦਾ ਬੇਟਾ ਮਿਲ ਸਕਦਾ ਹੈ। ਇਸ ਮਗਰੋਂ ਉਹਨਾਂ ਨੇ ਇਕ ਪੱਤਰ ਲਿਖ ਕੇ ਆਪਣੇ ਭਰਾ ਨੂੰ ਕਤਰ ਦੀ ਉਡਾਣ ਵਿਚ ਹੰਜ਼ਾਲਾ ਨੂੰ ਭੇਜਣ ਲਈ ਕਿਹਾ। ਉਸ ਨੇ ਅਮਰੀਕੀ ਸਰਕਾਰ ਤੋਂ ਵੀ ਇਸ ਮਾਮਲੇ ਵਿਚ ਮਦਦ ਮੰਗੀ ਪਰ ਪਾਸਪੋਰਟ ਦੇ ਨਵੇਂ ਨਿਯਮਾਂ ਕਾਰਨ ਹੰਜ਼ਾਲਾ ਆਪਣੇ ਮਾਤਾ-ਪਿਤਾ ਨਾਲ ਨਹੀਂ ਮਿਲ ਪਾ ਰਿਹਾ। ਨੂਰੂਲਾਹਕ ਨੇ ਦੱਸਿਆ ਕਿ ਉਹ ਹੰਜ਼ਾਲਾ ਨਾਲ ਵੀਡੀਓ ਕਾਲ 'ਤੇ ਗੱਲ ਕਰਦਾ ਹੈ ਅਤੇ ਫਿਰ ਰੌਂਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News