ਵਿਸ਼ਵ ਬੈਂਕ ਦੀ ਚਿਤਾਵਨੀ: ਮਹਿੰਗਾਈ, ਬੇਰੁਜ਼ਗਾਰੀ ਤੇ ਊਰਜਾ ਸੰਕਟ ਕਾਰਨ ਬੰਗਲਾਦੇਸ਼ ''ਚ ਵਧੀ ਅਸਮਾਨਤਾ
Friday, Oct 09, 2026 - 01:47 AM (IST)
ਢਾਕਾ — ਬੰਗਲਾਦੇਸ਼ ਵਿੱਚ ਲੰਬੇ ਸਮੇਂ ਤੋਂ ਜਾਰੀ ਆਰਥਿਕ ਸੁਸਤੀ, ਮਹਿੰਗਾਈ, ਰੋਜ਼ਗਾਰ ਦੀ ਕਮਜ਼ੋਰ ਮੰਗ ਅਤੇ ਊਰਜਾ ਸੰਕਟ ਕਾਰਨ ਗਰੀਬੀ ਅਤੇ ਆਮਦਨ ਦੀ ਅਸਮਾਨਤਾ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਵਿਸ਼ਵ ਬੈਂਕ ਦੀ ਅਕਤੂਬਰ 2026 ਦੀ 'ਬੰਗਲਾਦੇਸ਼ ਡਿਵੈਲਪਮੈਂਟ ਅਪਡੇਟ' ਰਿਪੋਰਟ ਅਨੁਸਾਰ ਦੇਸ਼ ਦੀ ਰਾਸ਼ਟਰੀ ਗਰੀਬੀ ਦਰ ਸਾਲ 2022 ਦੇ 18.7 ਫੀਸਦੀ ਤੋਂ ਵੱਧ ਕੇ 2026 ਵਿੱਚ 22.5 ਫੀਸਦੀ ਹੋ ਗਈ ਹੈ। ਇਸ ਤੋਂ ਇਲਾਵਾ, ਸਾਲ 2027 ਤੱਕ ਗਰੀਬੀ ਦਰ ਹੋਰ ਵੱਧ ਕੇ 22.8 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ।
ਰਿਪੋਰਟ ਮੁਤਾਬਕ ਪਿਛਲੇ ਚਾਰ ਸਾਲਾਂ ਦੌਰਾਨ ਲਗਭਗ 80 ਲੱਖ ਵਾਧੂ ਲੋਕ ਗਰੀਬੀ ਵਿੱਚ ਚਲੇ ਗਏ ਹਨ। ਇਕੱਲੇ ਵਿੱਤੀ ਸਾਲ 2026 ਵਿੱਚ ਹੀ ਲਗਭਗ 21 ਲੱਖ ਲੋਕ ਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ। ਅੰਤਰਰਾਸ਼ਟਰੀ ਗਰੀਬੀ ਰੇਖਾ (3 ਡਾਲਰ ਪ੍ਰਤੀ ਦਿਨ) ਦੇ ਆਧਾਰ 'ਤੇ ਅੱਤ ਦੀ ਗਰੀਬੀ ਦੀ ਦਰ 2022 ਦੀ 5.9 ਫੀਸਦੀ ਤੋਂ ਵੱਧ ਕੇ 2026 ਵਿੱਚ 10.1 ਫੀਸਦੀ ਹੋ ਗਈ ਹੈ। ਇਸੇ ਅਰਸੇ ਦੌਰਾਨ ਆਮਦਨ ਦੀ ਅਸਮਾਨਤਾ ਦਰਸਾਉਂਦਾ ਗਿਨੀ ਗੁਣਾਂਕ 30.9 ਤੋਂ ਵੱਧ ਕੇ 34.9 ਹੋ ਗਿਆ ਹੈ।
ਵਿਸ਼ਵ ਬੈਂਕ ਅਨੁਸਾਰ ਲੋਕਾਂ ਦੇ ਜੀਵਨ ਪੱਧਰ ਵਿੱਚ ਗਿਰਾਵਟ ਦੇ ਮੁੱਖ ਕਾਰਨ ਅਸਲ ਆਮਦਨ ਵਿੱਚ ਕਮੀ, ਮਹਿੰਗਾਈ, ਰੋਜ਼ਗਾਰ ਦੇ ਵਾਧੇ ਵਿੱਚ ਕਮਜ਼ੋਰੀ ਅਤੇ ਆਰਥਿਕ ਵਿਕਾਸ ਵਿੱਚ ਸੁਸਤੀ ਹਨ। ਇਸ ਤੋਂ ਇਲਾਵਾ, ਵਿੱਤੀ ਖੇਤਰ ਦੀਆਂ ਢਾਂਚਾਗਤ ਕਮਜ਼ੋਰੀਆਂ, ਊਰਜਾ ਸੰਕਟ, ਘਰੇਲੂ ਮਾਲੀਆ ਇਕੱਠਾ ਕਰਨ ਵਿੱਚ ਕਮੀ ਅਤੇ ਸਰਕਾਰੀ ਤੇ ਨਿੱਜੀ ਨਿਵੇਸ਼ ਵਿੱਚ ਗਿਰਾਵਟ ਵੀ ਅਰਥਵਿਵਸਥਾ 'ਤੇ ਦਬਾਅ ਪਾ ਰਹੀ ਹੈ। ਹੜ੍ਹਾਂ ਵਰਗੀਆਂ ਕੁਦਰਤੀ ਆਫਤਾਂ ਅਤੇ ਚੌਲਾਂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਗਰੀਬ ਪਰਿਵਾਰਾਂ ਦੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦਾ ਹੈ।
ਸਾਲ 2001 ਵਿੱਚ ਬੰਗਲਾਦੇਸ਼ ਵਿੱਚ ਗਰੀਬੀ ਦਰ 48.9 ਫੀਸਦੀ ਸੀ, ਜੋ 2022 ਤੱਕ ਘੱਟ ਕੇ ਲਗਭਗ 18 ਫੀਸਦੀ ਰਹਿ ਗਈ ਸੀ, ਪਰ ਹੁਣ ਇਹ ਰੁਝਾਨ ਉਲਟ ਗਿਆ ਹੈ। ਮੌਜੂਦਾ ਸਮੇਂ ਵਿੱਚ ਲਗਭਗ 5.5 ਕਰੋੜ ਲੋਕ ਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ, ਜਦੋਂ ਕਿ ਲਗਭਗ 6.2 ਕਰੋੜ ਲੋਕ ਕਿਸੇ ਵੀ ਆਰਥਿਕ ਝਟਕੇ ਨਾਲ ਗਰੀਬੀ ਵਿੱਚ ਡਿੱਗਣ ਦੇ ਜੋਖਮ ਹੇਠ ਹਨ।
ਅਗਲੇ ਵਿੱਤੀ ਸਾਲ ਵਿੱਚ ਲਗਭਗ 6.3 ਲੱਖ ਨਵੇਂ ਰੋਜ਼ਗਾਰ ਪੈਦਾ ਹੋਣ ਦੀ ਉਮੀਦ ਹੈ, ਪਰ ਇਹ ਗਰੀਬੀ ਘਟਾਉਣ ਲਈ ਕਾਫੀ ਨਹੀਂ ਹੋਵੇਗਾ। ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਜਲਵਾਯੂ ਜੋਖਮਾਂ ਕਾਰਨ 2050 ਤੱਕ ਲਗਭਗ 1.3 ਕਰੋੜ ਲੋਕ ਵਿਸਥਾਪਿਤ ਹੋ ਸਕਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੌਜੂਦਾ ਸਮਾਜਿਕ ਸੁਰੱਖਿਆ ਢਾਂਚਾ ਲੋਕਾਂ ਦੇ ਗਰੀਬ ਹੋਣ ਤੋਂ ਬਾਅਦ ਮਦਦ ਕਰਨ 'ਤੇ ਕੇਂਦਰਿਤ ਹੈ, ਜਦੋਂ ਕਿ ਗਰੀਬੀ ਵਿੱਚ ਡਿੱਗਣ ਤੋਂ ਪਹਿਲਾਂ ਬਚਾਅ ਕਰਨ ਵਾਲੇ ਇੰਤਜ਼ਾਮ ਕਾਫੀ ਕਮਜ਼ੋਰ ਹਨ।
