ਭਾਰਤੀ-ਅਮਰੀਕੀ ਬੀਬੀ ਨੂੰ ਸਜ਼ਾ, ਘਰੇਲੂ ਸਹਾਇਕਾਂ ਤੋਂ ਕਰਾਉਂਦੀ ਸੀ ਜ਼ਬਰੀ ਵਾਧੂ ਕੰਮ

10/06/2020 6:29:35 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਭਾਰਤੀ-ਅਮਰੀਕੀ ਬੀਬੀ ਨੂੰ ਘਰੇਲੂ ਸਹਾਇਕਾਂ ਤੋਂ ਘੱਟੋ-ਘੱਟ ਤਨਖਾਹ ਵਿਚ 18 ਘੰਟੇ ਕੰਮ ਕਰਾਉਣ, ਉਹਨਾਂ ਨੂੰ ਡਰਾਉਣ, ਧਮਕਾਉਣ ਅਤੇ ਕੁੱਟਣ ਦੇ ਮਾਮਲੇ ਵਿਚ 15 ਸਾਲ ਦੀ ਸਜ਼ਾ ਦਿੱਤੀ ਗਈ ਹੈ। ਸ਼ਰਮਿਸ਼ਠਾ ਬਰਈ ਅਤੇ ਉਹਨਾਂ ਦੇ ਪਤੀ ਸਤੀਸ਼ ਕਰਤਨ ਨੂੰ ਜ਼ਬਰੀ ਕਿਰਤ ਕਰਾਉਣ ਦੀ ਸਾਜਿਸ਼ ਰਚਣ ਦਾ ਦੋਸ਼ੀ ਪਾਇਆ ਗਿਆ। ਕਰਤਨ ਨੂੰ 22 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। 

ਸਹਾਇਕ ਅਟਾਰਨੀ ਜਨਰਲ ਐਰਿਕ ਡ੍ਰਿਬੈਂਡ ਨੇ ਕਿਹਾ,''ਅਮਰੀਕਾ ਨੇ 150 ਸਾਲ ਪੁਰਾਣੀ ਗੁਲਾਮੀ ਅਤੇ ਅਣਇੱਛਤ ਗੁਲਾਮੀ ਨੂੰ ਖਤਮ ਕਰ ਦਿੱਤਾ ਸੀ। ਫਿਰ ਵੀ, ਅਣਮਨੁੱਖੀ ਕਿਰਤ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਆਜ਼ਾਦੀ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਕਿਉਂਕਿ ਆਧੁਨਿਕ ਸਮੇਂ ਵਿਚ ਮਨੁੱਖੀ ਤਸਕਰ ਗੁਲਾਮ ਮਾਲਕ ਹਨ ਜੋ ਮੁਨਾਫਾ ਅਤੇ ਨਾਪਾਕ ਉਦੇਸਾਂ ਦੇ ਲਈ ਆਪਣੇ ਸਾਥੀ ਮਨੁੱਖਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ।'' ਭਾਰਤੀ ਜੋੜਾ ਪੀੜਤਾਂ ਤੋਂ ਘੱਟੋ-ਘੱਟ ਤਨਖਾਹ 'ਤੇ ਡਰਾ-ਧਮਕਾ ਕੇ ਅਤੇ ਹਿੰਸਾ ਦੀ ਵਰਤੋਂ ਕਰਕੇ 18 ਘੰਟੇ ਤੋਂ ਵੱਧ ਕਰਾਉਂਦਾ ਸੀ। ਉਹਨਾਂ ਨੇ ਕਿਹਾ ਕਿ ਇਹ ਪੀੜਤਾਂ ਦੇ ਨਿੱਜੀ ਅਧਿਕਾਰਾਂ, ਆਜ਼ਾਦੀ ਅਤੇ ਮਾਣ ਦੀ ਉਲੰਘਣਾ ਹੈ। 

ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ, ਫਰਵਰੀ 2014 ਤੋਂ ਅਕਤੂਬਰ 2016 ਦੇ ਵਿਚ ਕਰਤਨ ਅਤੇ ਬਰਈ ਨੇ ਵਿਦੇਸ਼ ਤੋਂ ਘਰੇਲੂ ਕੰਮ ਕਰਾਉਣ ਲਈ ਲੋਕਾਂ ਨੂੰ ਲਿਆਂਦਾ ਸੀ। ਇੰਟਰਨੈੱਟ ਅਤੇ ਭਾਰਤ ਦੇ ਅਖ਼ਬਾਰਾਂ ਵਿਚ ਕਾਮਿਆਂ ਦੀ ਮੰਗ ਵਾਲੇ ਇਸ਼ਤਿਹਾਰਾਂ ਵਿਚ, ਉਹਨਾਂ ਨੇ ਮਜ਼ਦੂਰੀ ਅਤੇ ਰੋਜ਼ਗਾਰ ਦੀਆਂ ਸ਼ਰਤਾਂ ਦੇ ਬਾਰੇ ਵਿਚ ਝੂਠੇ ਦਾਅਵੇ ਕੀਤੇ ਸਨ। ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਕਿ ਕਾਮਿਆਂ ਦੇ ਇੱਥੇ ਆਉਂਦੇ ਹੀ ਕਰਤਨ ਅਤੇ ਬਰਈ ਇਕ ਦਿਨ ਵਿਚ 18 ਘੰਟੇ ਕੰਮ ਕਰਾਉਂਦੇ ਸਨ ਅਤੇ ਉਹਨਾਂ ਨੂੰ ਉਚਿਤ ਖੁਰਾਕ ਅਤੇ ਆਰਾਮ ਵੀ ਨਹੀਂ ਦਿੱਤਾ ਜਾਂਦਾ ਸੀ।


Vandana

Content Editor

Related News