ਇਟਲੀ 'ਚ ਭਾਰਤੀ ਹੋ ਰਹੇ ਖੱਜਲ, ਬਿਨਾਂ ਮੈਡੀਕਲ ਸਰਟੀਫਿਕੇਟ ਕਈ ਮੋੜੇ ਜਹਾਜ਼ੋਂ

Thursday, Mar 12, 2020 - 01:15 PM (IST)

ਇਟਲੀ 'ਚ ਭਾਰਤੀ ਹੋ ਰਹੇ ਖੱਜਲ, ਬਿਨਾਂ ਮੈਡੀਕਲ ਸਰਟੀਫਿਕੇਟ ਕਈ ਮੋੜੇ ਜਹਾਜ਼ੋਂ

ਰੋਮ ,(ਕੈਂਥ)— ਭਾਰਤ ਦੀ ਸਰਕਾਰ ਨੇ ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਬੱਚਣ ਲਈ ਜਿੱਥੇ ਵਿਦੇਸ਼ੀ ਲੋਕਾਂ ਨੂੰ ਜਾਰੀ ਕੀਤੇ ਵੀਜ਼ੇ 15 ਅਪ੍ਰੈਲ ਤੱਕ ਰੱਦ ਕਰ ਦਿੱਤੇ ਹਨ, ਉੱਥੇ ਹੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਂਦੇ ਸਮੇਂ ਆਪਣੇ ਨਾਲ ਆਪਣਾ ਮੈਡੀਕਲ ਫਿਟਨਸ ਸਰਟੀਫਿਕੇਟ ਲਿਆਉਣ ਨੂੰ ਵੀ ਲਾਜ਼ਮੀ ਕਰ ਦਿੱਤਾ ਹੈ। ਅਜੇ ਵੀ ਬਹੁਤ ਸਾਰੇ ਯਾਤਰੀਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ। 11 ਮਾਰਚ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਏਅਰਪੋਰਟ ਫਿਊਮੀਚੀਨੋ ਤੋਂ ਭਾਰਤ ਜਾਣ ਵਾਲੇ ਸੈਂਕੜੇ ਯਾਤਰੀਆਂ ਨੂੰ ਏਅਰ ਇੰਡੀਆ ਫਲਾਈਟ ਵਿੱਚ ਬਿਨਾਂ ਫਿਟਨੈਸ ਸਰਟੀਫਿਕੇਟ ਨਹੀਂ ਚੜ੍ਹਨ ਦਿੱਤਾ ਗਿਆ, ਜਿਸ ਕਾਰਨ ਔਰਤਾਂ ਸਮੇਤ ਛੋਟੇ-ਛੋਟੇ ਬੱਚੇ ਵੀ ਖੱਜਲ-ਖੁਆਰ ਹੁੰਦੇ ਨਜ਼ਰੀ ਆਏ।

ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਇਟਲੀ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਨੇ ਦੱਸਿਆ ਕਿ 11 ਮਾਰਚ ਵਾਲੀ ਏਅਰ ਇੰਡੀਆ ਫਲਾਈਟ ਪਹਿਲਾਂ ਹੀ 7 ਘੰਟੇ ਦੇਰੀ ਨਾਲ ਆ ਰਹੀ ਸੀ ਤੇ ਦੂਜਾ ਜਦੋਂ ਉਹ ਰੋਮ ਏਅਰਪੋਰਟ ਆਏ ਤਾਂ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਹਾਜ਼ ਵਿੱਚ ਬਿਨਾਂ ਮੈਡੀਕਲ ਫਿਟਨਸ ਸਰਟੀਫਿਕੇਟ ਚਾੜ੍ਹਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਯਾਤਰੀਆਂ ਨੇ ਕਿਹਾ ਇਸ ਮੈਡੀਕਲ ਫਿਟਨਸ ਸੰਬਧੀ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਹੀ ਟਿਕਟਾਂ ਵਾਲੀਆਂ ਏਜੰਸੀਆਂ ਨੂੰ ਇਸ ਬਾਰੇ ਕਈ ਜਾਣਕਾਰੀ ਸੀ। ਕਈ ਯਾਤਰੀ ਤਾਂ ਕਈ ਘੰਟੇ ਏਅਰਪੋਰਟ 'ਤੇ ਖੱਜਲ-ਖੁਆਰ ਹੋ ਕੇ ਵਾਪਸ ਆਪਣੇ ਘਰ ਨੂੰ ਚਲੇ ਗਏ ਪਰ ਜਿਹੜੇ ਵਿਚਾਰੇ ਦੂਰੋਂ ਆਏ ਸਨ, ਉਨ੍ਹਾਂ ਨੂੰ ਬੇਵੱਸੀ ਵਿੱਚ ਏਅਰਪੋਰਟ 'ਤੇ ਹੀ ਪਰੇਸ਼ਾਨ ਹੋਣਾ ਪਿਆ। ਰੋਮ ਏਅਰ ਪੋਰਟ 'ਤੇ ਇਸ ਸੰਬਧੀ ਇੱਕ ਨੋਟਿਸ ਵੀ ਲਗਾਇਆ ਗਿਆ ਹੈ, ਜਿਸ 'ਤੇ ਭਾਰਤੀ ਅੰਬੈਂਸੀ ਰੋਮ ਨਾਲ ਇਸ ਸੰਬਧੀ ਸੰਪਰਕ ਕਰਨ ਲਈ ਨੰਬਰ ਵੀ ਦਿੱਤੇ ਹਨ।

ਇਕ ਪੱਤਰਕਾਰ ਨੇ ਜਦੋਂ ਭਾਰਤੀ ਅੰਬੈਂਸੀ ਰੋਮ ਮਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਹੁਕਮ 6 ਮਾਰਚ, 2020 ਤੋਂ ਜਾਰੀ ਹੋ ਗਿਆ ਸੀ ਜਿਨ੍ਹਾਂ ਨੂੰ ਲਾਗੂ ਵੀ ਕੀਤਾ ਜਾ ਚੁੱਕਾ ਹੈ ਤਾਂ ਜੋ ਭਾਰਤ ਵਿੱਚ ਕੋਈ ਵੀ ਕੋਰੋਨਾ ਵਾਇਰਸ ਗ੍ਰਸਤ ਮਰੀਜ਼ ਦਾਖਲ ਨਾ ਹੋ ਸਕੇ । ਇਸ ਹੁਕਮ ਮੁਤਾਬਕ ਕੋਈ ਵੀ ਵਿਅਕਤੀ ਜਿਹੜਾ ਭਾਰਤ ਜਾ ਰਿਹਾ ਹੈ, ਉਹ ਕਿਸੇ ਵੀ ਏਅਰਲਾਈਨ ਵਿੱਚ ਭਾਰਤ ਜਾਵੇ ਪਰ ਆਪਣਾ ਮੈਡੀਕਲ ਫਿਟਨਸ ਸਰਟੀਫਿਕੇਟ ਜ਼ਰੂਰ ਨਾਲ ਲੈ ਕੇ ਏਅਰਪੋਰਟ ਜਾਵੇ। ਸਰਟੀਫਿਕੇਟ ਨਾ ਹੋਣ ਦੀ ਸੂਰਤ ਵਿੱਚ ਉਸ ਯਾਤਰੀ ਨੂੰ ਭਾਰਤ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਸਰਕਾਰ ਦੇ ਇਸ ਫੈਸਲੇ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਪੂਰਨ ਸਹਿਯੋਗ ਕਰਨ ਦੀ ਅਪੀਲ ਹੈ।ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨੇ ਦੁਨੀਆਂ ਦੇ 121 ਦੇਸ਼ਾਂ ਦੀਆਂ ਸਰਕਾਰਾਂ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ ਕਿਉਂਕਿ ਇਹ ਬੀਮਾਰੀ ਛੂਤ ਦੀ ਹੋਣ ਕਾਰਨ ਲੋਕਾਂ ਨੂੰ ਬਹੁਤ ਤੇਜ਼ੀ ਨਾਲ ਆਪਣਾ ਸ਼ਿਕਾਰ ਬਣਾ ਰਹੀ ਹੈ ਤੇ ਕਈ ਕੇਸਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਨੂੰ ਪੁਸ਼ਟੀ ਹੋਣ ਤੱਕ ਮਰੀਜ਼ ਦੇ 50% ਫੇਫੜੇ ਖਰਾਬ ਹੋ ਜਾਂਦੇ ਹਨ। ਇਸ ਬਿਮਾਰੀ ਨੂੰ ਨੱਪਣ ਲਈ ਹਰ ਮੁਲਕ ਤਰ੍ਹਾਂ-ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਿਹਾ ਹੈ ਪਰ ਕੋਰੋਨਾਵਾਇਰਸ ਬਿਨਾਂ ਰੁਕੇ ਦੁਨੀਆ ਨੂੰ ਖਤਮ ਕਰਨ ਦੇ ਰਾਹ ਪਿਆ ਹੋਇਆ ਹੈ।ਇਟਲੀ ਇਸ ਸਮੇਂ ਕੋਰੋਨਾ ਵਾਇਰਸ ਦਾ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ ਜਿਸ ਕਾਰਨ  ਇਟਲੀ ਭਰ ਵਿੱਚ 12,462 ਮਰੀਜ਼ ਕੋਰੋਨਾਇਰਸ ਨਾਲ ਜਕੜੇ ਹੋਏ ਹਨ ਤੇ ਹੁਣ ਤੱਕ 827 ਲੋਕਾਂ ਲਈ ਇਹ ਨਾਮੁਰਾਦ ਬੀਮਾਰੀ ਕਾਲ ਬਣ ਚੁੱਕੀ ਹੈ। ਦੇਸ਼ ਵਿੱਚ ਪ੍ਰਧਾਨ ਮੰਤਰੀ ਕੌਂਤੇ ਵੱਲੋਂ 3 ਅਪ੍ਰੈਲ ਤੱਕ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ,ਜਿਹੜਾ ਵੀ ਵਿਅਕਤੀ ਸਰਕਾਰ ਦੇ ਫਰਮਾਨਾਂ ਦੀ ਹੁਕਮ ਦੀ ਅਣਗਹਿਲੀ ਕਰੇਗਾ ਉਸ ਨੂੰ ਪੁਲਸ ਵੱਲੋਂ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।ਲੋਕਾਂ ਨੂੰ ਬਿਨਾ ਕੰਮ ਘਰੋਂ ਨਾ ਨਿਕਲਣ ਦੇ ਹੁਕਮ ਹਨ।


Related News