ਇੰਗਲੈਂਡ ਦੀਆਂ ਸੜਕਾਂ ’ਤੇ ਸੌਣ ਲਈ ਮਜਬੂਰ ਹਨ ਭਾਰਤੀ ਵਿਦਿਆਰਥੀ, ਪੜ੍ਹੋ ਪੂਰੀ ਖ਼ਬਰ

Friday, Nov 04, 2022 - 10:10 AM (IST)

ਇੰਗਲੈਂਡ ਦੀਆਂ ਸੜਕਾਂ ’ਤੇ ਸੌਣ ਲਈ ਮਜਬੂਰ ਹਨ ਭਾਰਤੀ ਵਿਦਿਆਰਥੀ, ਪੜ੍ਹੋ ਪੂਰੀ ਖ਼ਬਰ

ਲੰਡਨ (ਸਰਬਜੀਤ ਸਿੰਘ ਬਨੂੜ)- ਭਾਰਤ ਤੇ ਇੰਗਲੈਂਡ ਵਿਚਕਾਰ ਇਮੀਗ੍ਰੇਸ਼ਨ ਰੂਲਸ ਨਰਮ ਹੋਣ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦਾ ਲੰਡਨ ਹੀਥਰੋ ਏਅਰਪੋਰਟ ’ਤੇ ਹਰ ਰੋਜ਼ ਹੜ੍ਹ ਜਿਹਾ ਆਉਣ ਕਾਰਨ, ਬਹੁਤਾਤ ਏਸ਼ੀਅਨ ਲੋਕ ਲਾਲਚ ਵੱਸ ਘਰਾਂ ਦੇ ਕਿਰਾਏ ਦੁੱਗਣੇ-ਤਿਗੁਣੇ ਕਰ ਕੇ ਵਿਦਿਆਰਥੀਆਂ ਦਾ ਜਿੱਥੇ ਸ਼ੋਸ਼ਣ ਕਰ ਰਹੇ ਹਨ। ਉੱਥੇ ਹੀ ਏਜੰਟਾਂ ਨੂੰ ਮੋਟੀਆਂ ਫ਼ੀਸਾਂ ਦੇਣ ਦੇ ਬਾਵਜੂਦ ਭਾਰਤੀ ਵਿਦਿਆਰਥੀਆਂ ਨੂੰ ਸੜਕਾਂ ’ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਭਾਰਤ ਤੋਂ ਲੰਡਨ ਆ ਰਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਆਦਿ ਸੂਬਿਆਂ ਨਾਲ ਸਬੰਧਤ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਹਵਾਈ ਜਹਾਜ਼ ਰਾਹੀਂ ਉਤਰਦੇ ਹੀ ਲੰਡਨ ਦੇ ਸਲੋਹ, ਸਾਊਥਾਲ, ਹੇਜ਼, ਹੰਸਲੋ ਆਦਿ ਸ਼ਹਿਰਾਂ ਵਿਚ ਆ ਰਹੇ ਹਨ।ਜ਼ਿਕਰਯੋਗ ਹੈ ਕਿ ਬਹੁਤ ਪਾੜੇ ਚੜ੍ਹਦੀ ਜਵਾਨੀ ’ਚ ਹੀ ਮੋਟਾ ਕਰਜ਼ਾ ਚੁੱਕ, ਵਿਆਹ ਕਰਵਾ ਕੇ ਮੁੰਡੇ-ਕੁੜੀਆਂ ਇਕ-ਦੂਜੇ 'ਤੇ ਨਿਰਭਰ ਹੋ ਕੇ ਆ ਰਹੇ ਹਨ, ਜਿਨ੍ਹਾਂ ਦਾ ਵਿਦੇਸ਼ੀ ਧਰਤੀ ’ਤੇ ਕੋਈ ਜਾਣ-ਪਛਾਣ ਵਾਲਾ ਤੱਕ ਵੀ ਨਹੀਂ ਹੁੰਦਾ ਹੈ।

ਛੋਟੇ-ਛੋਟੇ ਕਮਰਿਆਂ ਦਾ 90 ਹਜ਼ਾਰ ਰੁਪਏ ਤੱਕ ਕਿਰਾਇਆ

ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੇ ਆਉਣ ’ਤੇ ਏਸ਼ੀਆਈ ਲੋਕ ਜਿਨ੍ਹਾਂ ਕੋਲ ਪੁਰਾਣੇ ਘਰ ਹਨ ਉਹ ਵਿਦਿਆਰਥੀ ਮਨਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ, ਜਿਥੇ ਇਕ ਸਭ ਤੋਂ ਛੋਟਾ ਕਮਰੇ ਦਾ 800 ਤੋਂ 900 ਪੌਂਡ ਭਾਰਤੀ ਕਰੰਸੀ ਮੁਤਾਬਕ 90 ਹਜ਼ਾਰ ਰੁਪਏ ਕਿਰਾਇਆ ਮੰਗਿਆ ਜਾ ਰਿਹਾ ਹੈ ਤੇ ਤਿੰਨ ਬੈਂਡ ਰੂਮ ਦਾ ਘਰ ਭਾਰਤੀ ਕਰੰਸੀ ਮੁਤਾਬਕ 4 ਲੱਖ ਤੋਂ ਉੱਪਰ ਮਿਲਦਾ ਹੈ ਜਾਂ ਬਿਲਕੁਲ ਹੀ ਕੋਈ ਕਮਰਾ ਕਿਰਾਏ ’ਤੇ ਨਹੀਂ ਮਿਲ ਰਿਹਾ।

ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ 3 ਸਾਲ ਦੇ ਮਾਸੂਮ ਦੀ ਮੌਤ ਤੋਂ ਭੜਕੇ ਲੋਕ, ਪਿਤਾ ਨੇ ਕਿਹਾ-ਤਾਲਾਬੰਦੀ ਨਿਯਮਾਂ ਨੇ ਲਈ ਜਾਨ

ਸਾਊਥਾਲ ਦੇ ਗੁਰਦੁਆਰਾ ਸਾਹਿਬ ਤੋਂ ਰੋਜ਼ਾਨਾ ਅਪੀਲ

ਸਾਊਥਾਲ ਦੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਵਾਰ-ਵਾਰ ਵਿਦਿਆਰਥੀਆਂ ਨੂੰ ਸਸਤੇ ਰੇਟ ’ਤੇ ਘਰ ਦੇਣ ਜਾਂ ਇਕੱਲੀਆਂ ਆ ਰਹੀਆਂ ਵਿਦਿਆਰਥਣਾਂ ਨੂੰ ਪਰਿਵਾਰਾਂ ਵਿਚ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਬੱਚੀਆਂ ਦਾ ਕੋਈ ਬਾਹਰੀ ਵਿਅਕਤੀ ਸ਼ੋਸ਼ਣ ਨਾ ਕਰ ਜਾਵੇ। ਕਿਉਂਕਿ ਬੀਤੇ ਦਿਨੀਂ ਪੰਜਾਬ ਤੋਂ ਆਈਆਂ ਕੁਝ ਮੁਟਿਆਰਾਂ ਵੱਲੋਂ ਇਕ ਮਸ਼ਹੂਰ ਦੁਕਾਨ ਵਿਚ ਕੰਮ ਕਰਨ ਬਦਲੇ ਮਾਲਕਾਂ ਵੱਲੋਂ ਜ਼ਬਰੀ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਬਦਲੇ ਸਿੱਖ ਨੌਜਵਾਨਾਂ, ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਸੀ ਜੋ ਅਜੇ ਇਹ ਮਸਲਾ ਹੱਲ ਨਹੀਂ ਹੋਇਆ ਤੇ ਇਕ ਬਿਲਡਰ ਵੱਲੋਂ ਵਿਦਿਆਰਥੀ ਕਾਮੇ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋਣ ਕਾਰਨ ਪੰਜਾਬੀਆਂ ਦੀ ਆਪਣੇ ਹੀ ਸੂਬੇ ਦੇ ਲੋਕਾਂ ਨਾਲ ਧੱਕਾ ਕਰਨ ਕਾਰਨ ਬਦਨਾਮੀ ਖੱਟਣੀ ਪਈ ਸੀ।

ਏਜੰਟਾਂ ਦੇ ਵਾਅਦੇ ਸੱਚਾਈ ਤੋਂ ਕੋਹਾਂ ਦੂਰ

ਜ਼ਿਕਰਯੋਗ ਹੈ ਕਿ ਬੀਤੇ ਦਿਨਾਂ ਬਰਤਾਨੀਆ ਹੋਮ ਸੈਕਟਰੀ ਵੱਲੋਂ ਭਾਰਤ ਤੋਂ ਆ ਰਹੇ ਵਿਦਿਆਰਥੀਆਂ ’ਤੇ ਇਤਰਾਜ਼ ਜਿਤਾਇਆ ਗਿਆ ਸੀ ਕਿ ਵਿਦਿਆਰਥੀਆਂ ਦੇ ਨਾਲ ਆ ਰਹੇ ਨਿਰਭਰ ਮੈਂਬਰ ਯੋਗ ਕਾਮੇ ਨਹੀਂ ਹਨ ਪਰ ਸਰਕਾਰ ਡਿੱਗਣ ਕਾਰਨ ਗੱਲ ਆਈ ਗਈ ਹੋ ਗਈ ਪਰ ਮੁੜ ਬਣੀ ਸਰਕਾਰ ਵਿਚ ਮੁੜ ਤੋਂ ਆਈ ਹੋਮ ਸੈਕਟਰੀ ਅੱਗੇ ਕਿਹੜੇ ਨਵੇਂ ਇਮੀਗ੍ਰੇਸ਼ਨ ਰੂਲ ਲਿਆਂਦੀ ਹੈ ਕੁਝ ਪਤਾ ਨਹੀ। ਵਿਦਿਆਰਥੀਆਂ ’ਤੇ ਅਜੇ ਇਹ ਤਲਵਾਰ ਲਟਕੀ ਹੋਈ ਹੈ। ਦੱਸਣਯੋਗ ਹੈ ਕਿ ਬਹੁਤੇ ਭਾਰਤੀ ਏਜੰਟ ਮੋਟੀਆਂ ਰਕਮਾਂ ਲੈ ਕੇ ਸਾਲ ਦੀ ਫ਼ੀਸ ’ਤੇ ਰਹਿਣ ਲਈ ਥਾਂ ਹੋਣ ਦਾ ਕਹਿ ਕੇ ਵੀਜ਼ਾ ਮਹੁੱਇਆ ਕਰਵਾ ਰਹੇ ਹਨ ਤੇ ਜਦੋਂ ਕਿ ਸਚਾਈ ਕੋਹਾਂ ਦੂਰ ਹੈ। ਵਿਦਿਆਰਥੀਆਂ ਨੂੰ ਆਉਂਦੇ ਹੀ ਫੀਸ ਮੁੜ ਭਰਨ ਲਈ ਯੂਨੀਵਰਸਿਟੀਆਂ ਕਹਿ ਰਹੀਆਂ ਹਨ ਤੇ ਰਹਿਣ ਲਈ ਥਾਂ ਵਿਦਿਆਰਥੀ ਨੂੰ ਖ਼ੁਦ ਲੱਭਣੀ ਪੈਂਦੀ ਹੈ ਜਿਸ ਕਾਰਨ ਵਿਦਿਆਰਥੀ ਸੜਕਾਂ ’ਤੇ ਸੌਣ ਲਈ ਮਜਬੂਰ ਹੋ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News