ਭਾਰਤੀ ਨੌਜਵਾਨ ''ਤੇ ਨਸਲੀ ਟਿੱਪਣੀ ਕਰਨ ਵਾਲੇ ਨੂੰ ਮਿਲੀ ਸਜ਼ਾ
Saturday, Jul 27, 2019 - 01:59 PM (IST)

ਸਿੰਗਾਪੁਰ— ਚੀਨੀ ਮੂਲ ਦੇ ਸਿੰਗਾਪੁਰ ਦੇ ਇਕ ਨਾਗਰਿਕ ਵਿਲੀਅਮ ਆ ਚਿਨ ਚਾਈ ਨੂੰ ਚਾਂਗਾ ਹਵਾਈ ਅੱਡੇ 'ਤੇ ਇਕ ਭਾਰਤੀ ਨਾਗਰਿਕ 'ਤੇ ਨਸਲੀ ਟਿੱਪਣੀ ਕਰਨ ਦੇ ਮਾਮਲੇ 'ਚ 4 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ 'ਤੇ 1000 ਸਿੰਗਾਪੁਰੀ ਡਾਲਰਾਂ ਦਾ ਜੁਰਮਾਨਾ ਲੱਗਾ ਹੈ। ਚਾਈ ਪਿਛਲੇ ਸਾਲ 3 ਅਗਸਤ ਨੂੰ ਚਾਂਗੀ ਹਵਾਈ ਅੱਡੇ ਦੀ ਇਕ ਲਿਫਟ 'ਚ ਸੀ। ਇਸ ਦੌਰਾਨ 33 ਸਾਲਾ ਭਾਰਤੀ ਨਾਗਰਿਕ ਰਾਮਚੰਦਰਨ ਉਮਾਪਤੀ ਜਦ ਲਿਫਟ 'ਚ ਆਇਆ, ਤਾਂ ਚਾਈ ਨੇ ਉਸ 'ਤੇ ਨਸਲੀ ਟਿੱਪਣੀਆਂ ਕੀਤੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਚਾਈ ਪਹਿਲਾਂ ਵੀ ਵਿਵਾਦਾਂ 'ਚ ਰਿਹਾ ਹੈ। ਪਿਛਲੇ ਸਾਲ ਵਿਲੀਅਮ ਆ ਚਿਨ ਚਾਈ (47) ਲਿਫਟ ਦਾ ਦਰਵਾਜ਼ਾ ਖੁੱਲ੍ਹਾ ਰੱਖਣ ਵਾਲੀ ਇਕ ਮਹਿਲਾ ਦੇ ਪੈਰ 'ਤੇ ਚੜ੍ਹ ਗਿਆ ਜਿਸ ਕਾਰਨ ਔਰਤ ਦੇ ਪੈਰ 'ਤੇ ਸੱਟ ਲੱਗ ਗਈ। ਉਸ ਨੇ ਇਕ ਹੋਰ ਘਟਨਾ 'ਚ ਸਿੰਗਟੇਲ ਸ਼ਾਪ ਕੌਮਸੈਂਟਰ 'ਚ ਦੋ ਵਿਅਕਤੀਆਂ 'ਤੇ ਨੂਡਲਜ਼ ਵੀ ਸੁੱਟੇ ਸਨ। ਚਾਈ ਨੇ ਨਸਲੀ ਟਿੱਪਣੀ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਅਪਰਾਧਕ ਤੌਰ 'ਤੇ ਤਾਕਤ ਵਰਤਣ ਅਤੇ ਜਾਣ-ਬੁੱਝ ਕੇ ਸੱਟਾਂ ਪਹੁੰਚਾਉਣ ਦੇ ਦੋਸ਼ ਸ਼ੁੱਕਰਵਾਰ ਨੂੰ ਸਵਿਕਾਰ ਕਰ ਲਏ। ਉਸ ਨੇ ਇਕ ਦੁਕਾਨ ਤੋਂ ਪਾਣੀ ਦੀਆਂ 4 ਬੋਤਲਾਂ ਚੋਰੀ ਕੀਤੀਆਂ ਸਨ ਤੇ ਇਸ ਦੋਸ਼ ਦੀ ਅਜੇ ਸੁਣਵਾਈ ਹੋ ਰਹੀ ਹੈ।