ਤੁਰਕੀ ਏਅਰਪੋਰਟ 'ਤੇ 30 ਘੰਟੇ ਤੋਂ ਫਸੇ ਭਾਰਤੀ ਯਾਤਰੀ, ਲੰਡਨ ਤੋਂ ਮੁੰਬਈ ਆ ਰਹੀ ਸੀ ਫਲਾਈਟ
Friday, Apr 04, 2025 - 11:03 AM (IST)

ਇੰਟਰਨੈਸ਼ਨਲ ਡੈਸਕ- ਲੰਡਨ ਤੋਂ ਮੁੰਬਈ ਜਾ ਰਹੀ ਵਰਜਿਨ ਅਟਲਾਂਟਿਕ ਫਲਾਈਟ ਦੇ 260 ਤੋਂ ਵੱਧ ਯਾਤਰੀ 30 ਘੰਟੇ ਤੋਂ ਵੀ ਵੱਧ ਸਮੇਂ ਤੋਂ ਤੁਰਕੀ ਦੇ ਦਿਆਰਬਾਕਿਰ ਹਵਾਈ ਅੱਡੇ 'ਤੇ ਫਸੇ ਹੋਏ ਹਨ। ਇਹ ਯਾਤਰੀ ਮਦਦ ਦੀ ਅਪੀਲ ਕਰ ਰਹੇ ਹਨ। ਫਲਾਈਟ ਨੂੰ ਇੱਕ ਜ਼ਰੂਰੀ ਮੈਡੀਕਲ ਕੇਸ ਅਤੇ ਤਕਨੀਕੀ ਸਮੱਸਿਆ ਕਾਰਨ ਤੁਰਕੀ ਦੇ ਦਿਆਰਬਾਕਿਰ ਵੱਲ ਮੋੜ ਦਿੱਤਾ ਗਿਆ। ਏਅਰਲਾਈਨ ਨੇ ਵੀਰਵਾਰ (03 ਅਪ੍ਰੈਲ, 2025) ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਵਰਜਿਨ ਅਟਲਾਂਟਿਕ ਨੇ ਕਿਹਾ ਕਿ ਉਹ ਸਾਰੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਯਾਤਰੀਆਂ ਨੂੰ ਮੁੰਬਈ ਲਿਜਾਣ ਲਈ ਇੱਕ ਵਿਕਲਪਿਕ ਉਡਾਣ ਦਾ ਪ੍ਰਬੰਧ ਕਰਨਾ ਸ਼ਾਮਲ ਹੈ। ਇੱਕ ਬਿਆਨ ਵਿੱਚ ਏਅਰਲਾਈਨ ਨੇ ਕਿਹਾ ਕਿ 2 ਅਪ੍ਰੈਲ ਨੂੰ ਲੰਡਨ ਹੀਥਰੋ ਤੋਂ ਮੁੰਬਈ ਜਾਣ ਵਾਲੀ ਉਡਾਣ VS358 ਨੂੰ ਤੁਰਕੀ ਦੇ ਦਿਯਾਰਬਾਕਿਰ ਹਵਾਈ ਅੱਡੇ ਵੱਲ ਮੋੜਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਜਹਾਜ਼ ਵਿੱਚ ਉਤਰਨ ਵੇਲੇ ਤਕਨੀਕੀ ਸਮੱਸਿਆ ਪੈਦਾ ਹੋ ਗਈ ਸੀ।
ਏਅਰਲਾਈਨ ਦਾ ਬਿਆਨ
ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦੇ ਹੋਏ ਏਅਰਲਾਈਨ ਨੇ ਕਿਹਾ ਕਿ ਉਸਦੇ ਇੰਜੀਨੀਅਰ ਜਹਾਜ਼ ਦਾ ਡੂੰਘਾਈ ਨਾਲ ਮੁਲਾਂਕਣ ਕਰ ਰਹੇ ਹਨ। ਕੰਪਨੀ ਨੇ ਕਿਹਾ, "ਅਸੀਂ ਸਾਰੇ ਵਿਕਲਪਾਂ 'ਤੇ ਸਰਗਰਮੀ ਨਾਲ ਵਿਚਾਰ ਕਰ ਰਹੇ ਹਾਂ, ਜਿਸ ਵਿੱਚ ਵਿਕਲਪਿਕ ਜਹਾਜ਼ ਚਲਾਉਣਾ ਵੀ ਸ਼ਾਮਲ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਯਾਤਰੀ ਜਲਦੀ ਤੋਂ ਜਲਦੀ ਮੁੰਬਈ ਪਹੁੰਚ ਸਕਣ।" ਸੂਤਰਾਂ ਅਨੁਸਾਰ 260 ਤੋਂ ਵੱਧ ਯਾਤਰੀ ਹਵਾਈ ਅੱਡੇ 'ਤੇ ਫਸੇ ਹੋਏ ਹਨ। ਏਅਰਲਾਈਨ ਨੇ ਇਹ ਵੀ ਕਿਹਾ ਕਿ ਯਾਤਰੀਆਂ ਨੂੰ ਤੁਰਕੀ ਵਿੱਚ ਰਾਤ ਭਰ ਹੋਟਲ ਰਿਹਾਇਸ਼ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵਿੱਚ ਕਿਹਾ ਗਿਆ ਹੈ,"ਨਵੇਂ ਅਪਡੇਟ ਉਪਲਬਧ ਹੁੰਦੇ ਹੀ ਸਾਰੇ ਯਾਤਰੀਆਂ ਨੂੰ ਸੂਚਿਤ ਕੀਤਾ ਜਾਵੇਗਾ।"
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਰਚਣਗੇ ਇਤਿਹਾਸ, ਪੁਲਾੜ ਸਟੇਸ਼ਨ ਲਈ ਹੋਵੇਗਾ ਰਵਾਨਾ
ਫਲਾਈਟ ਦੇ ਯਾਤਰੀਆਂ ਵਿਚ ਗੁੱਸਾ
ਇੱਕ ਯਾਤਰੀ ਨੇ X 'ਤੇ ਇੱਕ ਪੋਸਟ ਵਿੱਚ ਦੋਸ਼ ਲਗਾਇਆ ਕਿ ਵਰਜਿਨ ਅਟਲਾਂਟਿਕ ਦਾ ਸਾਰਾ ਸਟਾਫ ਇੱਕ ਹੋਟਲ ਗਿਆ ਅਤੇ ਸਾਰਿਆਂ ਨੂੰ ਸਿਰਫ਼ ਇੱਕ ਟੈਕਸਟ ਸੁਨੇਹਾ ਭੇਜਣ ਤੋਂ ਬਾਅਦ ਚਲਾ ਗਿਆ। ਯਾਤਰੀ ਨੇ ਕਿਹਾ, "ਵਰਜਿਨ ਐਟਲਾਂਟਿਕ ਫਲਾਈਟ ਨੂੰ ਲੰਡਨ ਤੋਂ ਉਡਾਣ ਭਰੇ 30 ਘੰਟੇ ਹੋ ਗਏ ਹਨ ਅਤੇ ਅਸੀਂ ਭਾਰਤੀ ਅਤੇ ਬ੍ਰਿਟਿਸ਼ ਨਾਗਰਿਕਾਂ ਨਾਲ ਕੀਤੇ ਗਏ ਅਣਮਨੁੱਖੀ ਸਲੂਕ ਤੋਂ ਹੈਰਾਨ ਹਾਂ। ਮੇਰੀ ਪਤਨੀ ਅਤੇ ਬੱਚਿਆਂ ਕੋਲ ਤਿੰਨ ਲੋਕਾਂ ਵਿਚਕਾਰ ਇੱਕ ਸਿਰਹਾਣਾ ਹੈ ਅਤੇ ਕੋਈ ਕੰਬਲ ਨਹੀਂ ਹੈ। ਉਹ 300 ਲੋਕਾਂ ਨਾਲ ਇੱਕ ਸੀਮਤ ਜਗ੍ਹਾ ਵਿੱਚ ਬੈਠੇ ਹਨ।" ਯਾਤਰੀਆਂ ਨੇ ਬੁਨਿਆਦੀ ਸਹੂਲਤਾਂ ਉਪਲਬਧ ਨਾ ਹੋਣ ਦੀ ਸ਼ਿਕਾਇਤ ਕੀਤੀ।
ਭਾਰਤੀ ਦੂਤਘਰ ਦਾ ਬਿਆਨ
ਅੰਕਾਰਾ ਵਿੱਚ ਭਾਰਤੀ ਦੂਤਘਰ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤੀ ਅਧਿਕਾਰੀ ਵਰਜਿਨ ਅਟਲਾਂਟਿਕ ਏਅਰਲਾਈਨਜ਼, ਦਿਯਾਰਬਾਕਿਰ ਏਅਰਪੋਰਟ ਡਾਇਰੈਕਟੋਰੇਟ ਅਤੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿਚ ਹਨ। ਭਾਰਤੀ ਦੂਤਘਰ ਦੀ ਮਦਦ ਮਗਰੋਂ ਕੁਝ ਯਾਤਰੀਆਂ ਨੂੰ ਨੇੜਲੇ ਹੋਟਲ ਲਿਜਾਇਆ ਿਗਆ। ਏਅਰਲਾਈਨ ਨੇ ਕਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਤੱਕ ਬੈਕਅੱਪ ਫਲਾਈਟ ਤਿਆਰ ਹੋ ਜਾਵੇਗੀ। ਹਾਲਾਂਕਿ ਹਾਲੇ ਵੀ ਕੁਝ ਯਾਤਰੀ ਏਅਰਪੋਰਟ ਟ੍ਰਾਂਜਿਟ ਹੋਲਡਿੰਗ ਏਰੀਆ ਵਿਚ ਹਨ। ਮਿਸ਼ਨ ਦੇ ਤਾਲਮੇਲ ਰਾਹੀਂ ਯਾਤਰੀਆਂ ਦੀ ਸਹੀ ਦੇਖਭਾਲ ਕੀਤੀ ਜਾ ਰਹੀ ਹੈ। ਅਸੀਂ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਅਤੇ ਫਸੇ ਹੋਏ ਯਾਤਰੀਆਂ ਲਈ ਮੁੰਬਈ ਲਈ ਇੱਕ ਵਿਕਲਪਿਕ ਉਡਾਣ ਦਾ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।