ਨਿਊਯਾਰਕ ਦੇ ਲਿੰਡਨਹਰਸਟ ਕਸਬੇ ’ਚ ਲੁਟੇਰਿਆਂ ਨੇ ਭਾਰਤੀ ਮੂਲ ਦੇ ਵਿਅਕਤੀ ਦੀ ਕੀਤੀ ਹੱਤਿਆ
Friday, May 21, 2021 - 12:56 PM (IST)
ਨਿਊਯਾਰਕ (ਰਾਜ ਗੋਗਨਾ)-ਬੀਤੀ ਰਾਤ ਨਿਊਯਾਰਕ ਸੂਬੇ ਦੇ ਲਾਂਗ ਆਈਲੈਂਡ ਦੇ ਇਲਾਕੇ ਦੇ ਕਸਬੇ ਲਿੰਡਨਹਰਸਟ ਵਿਖੇ ਇਕ ਡੈਪਰ ਸਮੋਕ ਸ਼ਾਪ ਦੇ ਗੁਜਰਾਤੀ ਮੂਲ ਦੇ ਮਾਲਕ ਦੀ ਦੋ ਕਾਲੇ ਮੂਲ ਦੇ ਲੁਟੇਰਿਆਂ ਨੇ ਲੁੱਟ ਦੇ ਇਰਾਦੇ ਨਾਲ ਉਸ ਦੇ ਸਟੋਰ ’ਚ ਰਾਤ ਨੂੰ 9 ਵੱਜ ਕੇ 40 ਮਿੰਟ ’ਤੇ ਦਾਖਲ ਹੋ ਕੇ 33 ਸਾਲਾ ਕਾਰੋਬਾਰੀ ਕਿੰਸ਼ੁਕ ਪਟੇਲ ਦੀ ਹੱਤਿਆ ਕਰ ਦਿੱਤੀ। ਜਿਸ ਦਾ ਪਿਛੋਕੜ ਭਾਰਤ ਦੇ ਗੁਜਰਾਤ ਸੂਬੇ ਦੇ ਆਨੰਦ ਸਿਟੀ ਦਾ ਪਿੰਡ ਭਾਦਰਣਾ ਸੀ। ਸਥਾਨਕ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਦੋ ਕਾਲੇ ਮੂਲ ਦੇ ਲੁਟੇਰਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 33 ਸਾਲਾ ਮ੍ਰਿਤਕ ਕਿੰਸ਼ੁਕ ਪਟੇਲ ਨਿਊਯਾਰਕ ’ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ, ਜਿਸ ’ਚ ਉਸ ਦਾ ਪਿਤਾ, ਉਸ ਦੀ ਪਤਨੀ ਤੇ ਦੋ ਲੜਕੇ, ਜਿਨ੍ਹਾਂ ਦੀ ਉਮਰ 4 ਸਾਲ ਅਤੇ ਦੂਸਰੇ ਦੀ 5 ਤਕਰੀਬਨ ਮਹੀਨੇ ਹੈ, ਸ਼ਾਮਲ ਹਨ।
ਨਿਊਯਾਰਕ ਪੁਲਸ ਮੁਤਾਬਕ ਸਟੋਰ ’ਚ ਲੱਗੇ ਸੀ. ਸੀ. ਟੀ .ਵੀ. ਕੈਮਰਿਆਂ ਦੀ ਫੁਟੇਜ ’ਚ ਨਜ਼ਰ ਆਉਂਦਾ ਹੈ ਕਿ ਜਦੋਂ ਕਿੰਸ਼ੁਕ ਪਟੇਲ ਸਟੋਰ ਬੰਦ ਕਰ ਕੇ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਦੋ ਕਾਲੇ ਮੂਲ ਦੇ ਦੋ ਨੌਜਵਾਨ ਲੁਟੇਰੇ ਸਟੋਰ ਅੰਦਰ ਆਏ ਅਤੇ ਕੋਈ ਸਾਮਾਨ ਮੰਗਿਆ। ਕਿੰਸ਼ੁਕ ਨੇ ਉਨ੍ਹਾਂ ਨੂੰ ਸਟੋਰ ਬੰਦ ਹੋਣ ਦੀ ਗੱਲ ਕਹੀ ਤਾਂ ਇੱਕ ਨੇ ਉਸ ਦੇ ਸਿਰ ’ਤੇ ਕਿਸੇ ਭਾਰੀ ਚੀਜ਼ ਨਾਲ ਹਮਲਾ ਕਰ ਦਿੱਤਾ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗ ਪਿਆ ਤੇ ਦੋਵੇਂ ਲੁਟੇਰੇ ਉਸ ਦੇ ਸਟੋਰ ’ਚੋਂ ਨਕਦੀ ਅਤੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ, ਜਦਕਿ ਕਿੰਸ਼ੁਕ ਪਟੇਲ ਨੇ ਆਪਣੇ ਘਰ ਨੂੰ ਆਉਣ ਤੋਂ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਪਰ ਤਕਰੀਬਨ ਦੋ ਘੰਟੇ ਤੱਕ ਉਸ ਦੇ ਘਰ ਨਾ ਪੁੱਜਣ ’ਤੇ ਪਰਿਵਾਰ ਨੇ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਬਾਈਲ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਨਿਊਯਾਰਕ ’ਚ ਹੀ ਰਹਿਣ ਵਾਲੇ ਆਪਣੇ ਇੱਕ ਰਿਸ਼ਤੇਦਾਰ ਨੂੰ ਫੋਨ ਕਰਕੇ ਸੂਚਨਾ ਦਿੱਤੀ, ਜਦੋਂ ਉਹ ਜਦੋਂ ਸਟੋਰ ’ਤੇ ਪਹੁੰਚੇ ਤਾਂ ਕਿੰਸ਼ੁਕ ਸਟੋਰ ਦੇ ਅੰਦਰ ਖੂਨ ਨਾਲ ਲੱਥਪਥ ਸੀ, ਜਿਸ ਨੂੰ ਤੁਰੰਤ ਐਂਬੂਲੈਂਸ ਬੁਲਾ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ।