ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨਿਖਿਲ ਗੁਪਤਾ ਨੂੰ ਲਿਆਂਦਾ ਗਿਆ ਅਮਰੀਕਾ

Monday, Jun 17, 2024 - 11:06 AM (IST)

ਵਾਸ਼ਿੰਗਟਨ- ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਆਗੂ ਗੁਰਪਤਵੰਤ ਪੰਨੂ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਵਾਲੇ ਭਾਰਤੀ ਨਿਖਿਲ ਗੁਪਤਾ ਨੂੰ ਚੈਕ ਗਣਰਾਜ ਤੋਂ ਅਮਰੀਕਾ ਲਿਆਂਦਾ ਗਿਆ ਹੈ। ਮੀਡੀਆ ਦੀਆਂ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਨਿਖਿਲ ਗੁਪਤਾ (52) ਨੂੰ ਅਮਰੀਕੀ ਨਾਗਰਿਕ ਅਤੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ 'ਚ ਸ਼ਾਮਲ ਹੋਣ ਦੇ ਦੋਸ਼ਾਂ 'ਚ ਅਮਰੀਕਾ ਦੀ ਸਰਕਾਰ ਦੀ ਅਪੀਲ 'ਤੇ ਪਿਛਲੇ ਸਾਲ ਚੈੱਕ ਗਣਰਾਜ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਖ਼ਿਲਾਫ਼ ਦਿੱਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਸੀ। ਅਮਰੀਕੀ ਫੈਡਰਲ ਵਕੀਲਾਂ ਦਾ ਦੋਸ਼ ਹੈ ਕਿ ਗੁਪਤਾ ਇਕ ਅਣਪਛਾਤੇ ਭਾਰਤੀ ਸਰਕਾਰੀ ਅਧਿਕਾਰੀ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਸਨ। ਭਾਰਤ ਨੇ ਇਸ ਮਾਮਲੇ 'ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਗੁਪਤਾ ਫਿਲਹਾਲ ਬਰੁਕਲਿਨ 'ਚ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ 'ਚ ਬੰਦ ਹੈ। ਗੁਪਤਾ ਨੂੰ ਸੋਮਵਾਰ ਨਿਊਯਾਰਕ ਦੀ ਇਕ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ। 'ਦਿ ਵਾਸ਼ਿੰਗਟਨ ਪੋਸਟ' ਨੇ ਸਭ ਤੋਂ ਪਹਿਲਾਂ ਗੁਪਤਾ ਦੀ ਹਵਾਲਗੀ ਦੀ ਖ਼ਬਰ ਜਾਰੀ ਕੀਤੀ।

ਅਖ਼ਬਾਰ ਦੀ ਖ਼ਬਰ ਅਨੁਸਾਰ,''ਗੁਪਤਾ, ਜਿਸ ਨੂੰ ਚੈੱਕ ਗਣਰਾਜ 'ਚ ਹਿਰਾਸਤ 'ਚ ਲਿਆ ਗਿਆ ਸੀ, ਨੂੰ ਹਫ਼ਤੇ ਦੇ ਅੰਤ 'ਚ ਨਿਊਯਾਰਕ ਲਿਆਂਦਾ ਗਿਆ। ਮਾਮਲੇ ਦੇ ਜਾਣਕਾਰ ਲੋਕਾਂ ਨੇ ਨਾਂ ਜ਼ਾਹਰ ਨਹੀਂ ਕਰਨ ਦੀ ਅਪੀਲ 'ਤੇ ਇਹ ਜਾਣਕਾਰੀ ਦਿੱਤੀ ਹੈ। ਆਮ ਤੌਰ 'ਤੇ ਹਵਾਲਗੀ ਕੀਤੇ ਵਿਅਕਤੀ ਨੂੰ ਦੇਸ਼ 'ਚ ਆਉਣ ਦੇ ਇਕ ਦਿਨ ਦੇ ਅੰਦਰ ਹੀ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ।'' ਵਕੀਲਾਂ ਦਾ ਦੋਸ਼ ਹੈ ਕਿ ਗੁਪਤਾ ਨੇ ਪੰਨੂ ਦੇ ਕਤਲ ਲਈ ਇਕ ਵਿਅਕਤੀ ਨੂੰ ਸੁਪਾਰੀ ਦਿੱਤੀ ਸੀ ਅਤੇ 15,000 ਡਾਲਰ ਦੀ ਪੇਸ਼ਗੀ ਰਾਸ਼ੀ ਦਾ ਭੁਗਤਾਨ ਕੀਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਦਾ ਇਕ ਅਧਿਕਾਰੀ ਵੀ ਇਸ 'ਚ ਸ਼ਾਮਲ ਸੀ। ਅਧਿਕਾਰੀ ਦਾ ਨਾਂ ਨਹੀਂ ਲਿਆ ਗਿਆ। ਗੁਪਤਾ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਹੈ ਕਿ ਉਨ੍ਹਾਂ 'ਤੇ ਗਲਤ ਦੋਸ਼ ਲਗਾਏ ਗਏ ਹਨ। ਵਾਸ਼ਿੰਗਟਨ ਪੋਸਟ ਦੀ ਖ਼ਬਰ 'ਚ ਕਿਹਾ ਗਿਆ,''ਗੁਪਤਾ ਦੀ ਵਕੀਲ ਰੋਹਿਣੀ ਮੂਸਾ ਨੇ ਭਾਰਤੀ ਸੁਪਰੀਮ ਕੋਰਟ ਨੂੰ ਦਿੱਤੀ ਗਈ ਪਟੀਸ਼ਨ 'ਚ ਕਿਹਾ ਹੈ ਕਿ ਉਨ੍ਹਾਂ ਦੇ ਮੁਵਕਿਲ 'ਤੇ ਗਲਤ ਤਰੀਕੇ ਨਾਲ ਮੁਕੱਦਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ 'ਚ ਅਜਿਹਾ ਕੁਝ ਵੀ ਨਹੀਂ ਹੈ ਜੋ ਪਟੀਸ਼ਨਕਰਤਾ ਨੂੰ ਪੀੜਤ ਦੇ ਕਤਲ ਦੀ ਵੱਡੀ ਸਾਜਿਸ਼ ਨਾਲ ਜੋੜਦਾ ਹੋਵੇ।''

ਇਹ ਵੀ ਪੜ੍ਹੋ : ਸਭ ਤੋਂ ਵੱਡੀ ਸੋਨੇ ਦੀ ਲੁੱਟ ਮਾਮਲਾ : ਸਰੰਡਰ ਕਰਨਾ ਚਾਹੁੰਦਾ ਹੈ ਭਾਰਤੀ ਮੂਲ ਦਾ ਸਾਬਕਾ ਏਅਰਲਾਈਨ ਮੈਨੇਜਰ

ਅਖ਼ਬਾਰ ਦੀ ਖ਼ਬਰ ਅਨੁਸਾਰ, ਉਨ੍ਹਾਂ ਨੇ (ਮੂਸਾ ਨੇ) ਕਿਹਾ ਕਿ ਭਾਰਤ ਅਤੇ ਅਮਰੀਕਾ ਆਪਣੀ ਵਿਦੇਸ਼ ਨੀਤੀ ਲਈ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ। ਗੁਪਤਾ ਦੀ ਹਵਾਲਗੀ ਅਜਿਹੇ ਸਮੇਂ ਹੋਈ ਹੈ, ਜਦੋਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈੱਕ ਸੁਲਿਵਨ ਸਾਲਾਨਾ 'ਕ੍ਰਿਟਿਕਲ ਐਂਡ ਇਮਰਜਿੰਗ ਟੈਕਨਾਲੋਜੀ' (ਆਈਸੀਈਟੀ) ਗੱਲਬਾਤ ਲਈ ਨਵੀਂ ਦਿੱਲੀ ਦੀ ਯਾਤਰਾ 'ਤੇ ਆਉਣ ਵਾਲੇ ਹਨ। ਸੁਲਵਿਨ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਨਾਲ ਇਸ ਗੱਲਬਾਤ 'ਚ ਹਿੱਸਾ ਲੈਣਗੇ। ਪਨੂੰ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਅਪ੍ਰੈਲ 2024 'ਚ ਵਾਸ਼ਿੰਗਟਨ ਪੋਸਟ ਦੀ ਖ਼ਬਰ 'ਚ ਕਿਹਾ ਗਿਆ ਸੀ ਕਿ ਪੰਨੂ ਦੇ ਕਤਲ ਦੀ ਸਾਜਿਸ਼ ਦੇ ਪਿੱਛੇ 'ਰਿਸਰਚ ਐਂਡ ਐਨਾਲਿਸਿਸ ਵਿੰਗ' (ਰਾਅ) ਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਹੈ। ਅਖ਼ਬਾਰ 'ਚ ਇਹ ਦਾਅਵਾ ਵੀ ਕੀਤਾ ਗਆ ਕਿ ਰਾਅ ਦੇ ਮੁਖੀ ਸਾਮੰਤ ਗੋਇਲ ਨੇ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਖ਼ਬਰ ਨੂੰ ਰੱਦ ਕਰਦਿਆਂ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਦਾਅਵਿਆਂ ਨੂੰ ਝੂਠਾ ਦੱਸਿਆ ਹੈ। ਭਾਰਤ ਨੇ ਕਿਹਾ ਹੈ ਕਿ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਬਾਰੇ ਅਮਰੀਕਾ ਵੱਲੋਂ ਸਾਂਝੇ ਕੀਤੇ ਗਏ ਸਬੂਤਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News