ਪਾਕਿਸਤਾਨ ''ਚ ਭਾਰਤੀ ਸਫੀਰਾਂ ਦਾ ਸ਼ੋਸ਼ਣ, ਜਾਣਬੁਝ ਕੇ ਕੀਤਾ ਜਾ ਰਿਹੈ ਪ੍ਰੇਸ਼ਾਨ
Saturday, Dec 22, 2018 - 05:12 PM (IST)

ਪੇਸ਼ਾਵਰ (ਏਜੰਸੀ)- ਅੱਤਵਾਦ ਦੀ ਪਨਾਹਗਾਹ ਬਣਿਆ ਪਾਕਿਸਤਾਨ ਭਾਰਤ ਵਿਰੋਧੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਭਾਰਤ ਵਿਰੁੱਧ ਸਾਜ਼ਿਸ਼ਾਂ ਘੜਣ ਵਾਲੇ ਪਾਕਿ ਨੇ ਭਾਰਤੀ ਹਾਈ ਕਮਿਸ਼ਨਰ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਮੁਲਾਜ਼ਮਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੀਡੀਆ ਰਿਪੋਰਟ ਮੁਤਾਬਕ ਹਾਈਕਮਿਸ਼ਨ ਦੇ ਕਈ ਅਧਿਕਾਰੀਆਂ ਨੂੰ ਨਵਾਂ ਗੈਸ ਕਨੈਕਸ਼ਨ ਲੈਣ ਵਿਚ ਦਿੱਕਤਾਂ ਪੇਸ਼ ਆ ਰਹੀਆਂ ਹਨ। ਕੁਝ ਡਿਪਲੋਮੈਟਿਕਾਂ ਦੇ ਇੰਟਰਨੈੱਟ ਕਨੈਕਸ਼ਨ ਨੂੰ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਨਾਲ ਹੀ ਭਾਰਤੀ ਸਫੀਰਾਂ ਨਾਲ ਜੋ ਮਹਿਮਾਨ ਮਿਲਣ ਆਉਂਦੇ ਹਨ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਾਕਿਸਤਾਨੀ ਖੁਫੀਆ ਏਜੰਸੀਆਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਇਰਾਦੇ ਨਾਲ ਸਵਾਲ ਪੁੱਛ ਰਹੀ ਹੈ। ਦਸੰਬਰ ਮਹੀਨੇ ਦੀ ਸ਼ੁਰੂਆਤ ਵਿਚ ਇਕ ਅਧਿਕਾਰੀ ਦੇ ਘਰ ਅਣਪਛਾਤੇ ਵਿਅਕਤੀ ਦੇ ਵੀ ਦਾਖਲ ਹੋਣ ਦੀ ਘਟਨਾ ਸਾਹਮਣੇ ਆਈ ਸੀ।
ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਭਾਰਤੀ ਸਫੀਰਾਂ ਦੀ ਇਥੇ ਲਗਾਤਾਰ ਜਾਸੂਸੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਸਾਹਮਣੇ ਇਹ ਮਾਮਲਾ ਚੁੱਕਿਆ ਹੈ। ਦੱਸ ਦਈਏ ਕਿ ਪਾਕਿਸਤਾਨ ਵਿਚ ਭਾਰਤੀ ਸਫੀਰਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸੇ ਸਾਲ ਮਾਰਚ ਵਿਚ ਅਪਰਾਧਿਕ ਅਨਸਰਾਂ ਵਲੋਂ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀਆਂ ਦਾ ਪਿੱਛਾ ਕਰਨ ਦੀ ਗੱਲ ਸਾਹਮਣੇ ਆਈ ਸੀ। ਭਾਰਤ ਨੇ ਉਦੋਂ ਵੀ ਪਾਕਿਸਤਾਨੀ ਅਧਿਕਾਰੀਆਂ ਸਾਹਮਣੇ ਮੁੱਦਾ ਚੁੱਕਿਆ ਸੀ ਅਤੇ ਉਨ੍ਹਾਂ ਤੋਂ ਇਸ 'ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ।