ਇਟਲੀ ''ਚ ਨੇਤਰਹੀਣ ਭਾਰਤੀ ਕੁੜੀ ਨੇ ਚਮਕਾਇਆ ਭਾਰਤ ਦਾ ਨਾਂ

07/03/2019 8:23:18 AM

ਮਿਲਾਨ, (ਸਾਬੀ ਚੀਨੀਆ)— ਹਨ੍ਹੇਰ ਰੂਪੀ ਜ਼ਿੰਦਗੀ ਬਤੀਤ ਕਰ ਰਹੀ 14 ਸਾਲਾ ਮਨੀਸ਼ਾ ਰਾਣੀ ਨੇ ਪੜ੍ਹਾਈ ਵਿਚ ਚੰਗੇ ਅੰਕ ਪ੍ਰਾਪਤ ਕਰਕੇ ਪੂਰੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿਮਨੀ ਵਿਖੇ ਹੋਏ ਬਰੇਲ ਲਿਪੀ ਦੇ ਮੁਕਾਬਲਿਆਂ 'ਚ ਉਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ। ਹੁਣ ਇਕ ਵਾਰ ਫਿਰ ਇਸੇ ਕੁੜੀ ਨੇ ਇਕਨੋਮੀਕਲ ਸੋਸ਼ਲ 'ਚ ਪਹਿਲਾ ਸਥਾਨ ਹਾਸਲ ਕਰਕੇ ਦੇਸ਼ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

ਸਨਜੋਵਾਨੀ ਸਕੂਲ ਦੀ ਵਿਦਿਆਰਥਣ ਮਨੀਸ਼ਾ ਰਾਣੀ ਨੇ 10 'ਚੋਂ 9.33 ਅੰਕ ਪ੍ਰਾਪਤ ਕਰਕੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਜੇ ਇਨਸਾਨ ਦੇ ਇਰਾਦੇ ਮਜ਼ਬੂਤ ਹੋਣ ਤਾਂ ਉਹ ਕੁਝ ਵੀ ਕਰ ਸਕਦਾ ਹੈ। ਬੇਸ਼ੱਕ ਮਨੀਸ਼ਾ ਰਾਣੀ ਨੇਤਰਹੀਣ ਹੈ ਪਰ ਉਹ ਬਰੇਲ ਲਿਪੀ ਦਾ ਚੰਗਾ ਗਿਆਨ ਰੱਖਣ ਦੇ ਨਾਲ-ਨਾਲ ਪੜ੍ਹਾਈ ਵਿਚ ਚੰਗੀ ਰੁਚੀ ਰੱਖਦੀ ਹੈ ਤੇ ਹਮੇਸ਼ਾ ਟੌਪ 'ਤੇ ਰਹਿਣਾ ਉਸ ਦੀ ਆਦਤ ਬਣ ਗਈ ਹੈ। ਇਟਲੀ ਵਰਗੇ ਵਿਕਾਸਸ਼ੀਲ ਦੇਸ਼ਾਂ 'ਚ ਸਰਕਾਰ ਅਜਿਹੇ ਬੱਚਿਆਂ ਨੂੰ ਵਧੀਆ ਤਰੀਕੇ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ ਅਤੇ ਉਨ੍ਹਾਂ ਲਈ ਨੌਕਰੀਆਂ ਤੱਕ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਮਨੀਸ਼ਾ ਦੇ ਪਿਤਾ ਦਵਿੰਦਰ ਰਾਮ ਤੇ ਮਾਤਾ ਮੀਨਾ ਕੁਮਾਰੀ ਆਪਣੀ ਕੁੜੀ ਦੀ ਪੜ੍ਹਾਈ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆ ਰਹੇ ਹਨ।


Related News