ਸਾਬਕਾ ਪਤਨੀ ਅਤੇ ਉਸ ਦੇ ਪਤੀ ਨੂੰ ਗੋਲੀ ਮਾਰਨ ਵਾਲਾ ਭਾਰਤੀ-ਅਮਰੀਕੀ ਗ੍ਰਿਫਤਾਰ

Saturday, Jul 01, 2017 - 02:40 AM (IST)

ਸਾਬਕਾ ਪਤਨੀ ਅਤੇ ਉਸ ਦੇ ਪਤੀ ਨੂੰ ਗੋਲੀ ਮਾਰਨ ਵਾਲਾ ਭਾਰਤੀ-ਅਮਰੀਕੀ ਗ੍ਰਿਫਤਾਰ

ਹਿਊਸਟਨ— ਆਪਣੀ ਸਾਬਕਾ ਪਤਨੀ ਅਤੇ ਉਸਦੇ ਪਤੀ ਨੂੰ ਜਾਨਲੇਵਾ ਢੰਗ ਨਾਲ ਗੋਲੀ ਮਾਰਨ ਵਾਲੇ ਭਾਰਤੀ-ਅਮਰੀਕੀ ਸਯੰਤਨ ਘੋਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੋਲੀਬਾਰੀ 'ਚ ਔਰਤ ਜ਼ਖਮੀ ਹੋ ਗਈ ਅਤੇ ਉਸਦੇ ਪਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਦਿੱਤੀ। ਗਾਲਵੇਸਟਨ ਕਾਊਂਟੀ ਦੇ ਜ਼ਿਲਾ ਅਟਾਰਨੀ ਦੇ ਦਫਤਰ ਅਨੁਸਾਰ ਘੋਸ਼ (41) ਨੂੰ ਕਲ ਨਿਊ ਮੈਕਸੀਕੋ ਦੇ ਨੇੜੇ ਸਰਹੱਦੀ ਇਲਾਕੇ 'ਚੋਂ ਹਿਰਾਸਤ ਵਿਚ ਲਿਆ ਗਿਆ। ਉਸ ਨੂੰ ਗ੍ਰਿਫਤਾਰ ਕਰ ਕੇ ਬੁੱਧਵਾਰ ਰਾਤ ਦੀ ਗੋਲੀਬਾਰੀ ਦੇ ਸਬੰਧ ਵਿਚ ਉਸ 'ਤੇ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਉਸਦੇ ਬਾਂਡ ਦੀ ਰਕਮ 1.5 ਲੱਖ ਡਾਲਰ ਤੈਅ ਕੀਤੀ ਗਈ ਹੈ।
ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਜਾਣਕਾਰੀ ਸਥਾਨਕ ਸਮੇਂ ਅਨੁਸਾਰ ਰਾਤ ਲਗਭਗ 9 ਵਜੇ ਮਿਲੀ। ਮੇਹਿਲ ਰਿਜ ਲੇਨ ਦੇ 700 ਬਲਾਕ ਦੇ ਇਕ ਮਕਾਨ ਵਿਚ ਘੋਸ਼ ਅਤੇ 2 ਨਿਵਾਸੀਆਂ ਵਿਚਾਲੇ ਬਹਿਸ ਮਗਰੋਂ ਗੋਲੀਆਂ ਚੱਲੀਆਂ। ਲੀਗ ਸਿਟੀ ਪੁਲਸ ਅਨੁਸਾਰ ਅਧਿਕਾਰੀਆਂ 'ਤੇ ਉਥੇ 43 ਸਾਲਾ ਕਲੇਰੇਸ ਵਾਇਨੇ ਹੈਰਿਸ ਦੂਜੇ ਦੀ ਲਾਸ਼ ਮਿਲੀ।  ਉਸ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਸਨ। ਪੁਲਸ ਨੇ ਕਿਹਾ ਕਿ 36 ਸਾਲਾ ਅਮਾਂਡਾ  ਹੈਰਿਸ ਵੀ ਗੋਲੀ ਲੱਗਣ ਨਾਲ ਜ਼ਖਮੀ ਸੀ। ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਘੋਸ਼ ਇਸ ਜੋੜੇ ਦੇ ਮਕਾਨ ਵਿਚ ਪਾਰਟੀ ਲਈ ਆਇਆ ਸੀ ਪਰ ਉਥੇ ਜੋੜੇ ਅਤੇ ਘੋਸ਼ ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ। ਇਸ ਦੇ ਮਗਰੋਂ ਗੋਲੀਆਂ ਚੱਲ ਗਈਆਂ।


Related News