ਵਿਦਿਆਰਥੀਆਂ ਲਈ ਮਸੀਹਾ ਬਣੇ ਭਾਰਤੀ-ਅਮਰੀਕੀ ਹੋਟਲ ਮਾਲਕ, ਕੀਤੀ ਵੱਡੀ ਪੇਸ਼ਕਸ਼

03/26/2020 11:45:24 AM

ਵਾਸ਼ਿੰਗਟਨ- ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਜਿਹੇ ਕਦਮ ਚੁੱਕੇ ਜਾਣ ਤੋਂ ਬਾਅਦ ਅਮਰੀਕਾ ਵਿਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਦੇ ਲਈ ਭਾਰਤੀ-ਅਮਰੀਕੀ ਹੋਟਲ ਮਾਲਕ ਅੱਗੇ ਆਏ ਹਨ ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਮੁਫਤ ਠਹਿਰਣ ਤੇ ਕੁਝ ਮਾਮਲਿਆਂ ਵਿਚ ਭੋਜਨ ਦੀ ਪੇਸ਼ਕਸ਼ ਕੀਤੀ ਹੈ। ਆਪਣੇ ਹਾਸਟਲ ਖਾਲੀ ਕਰਨ ਦੇ ਲਈ ਕਹਿਣ ਤੇ ਭਾਰਤ ਵਲੋਂ ਕੋਰੋਨਾਵਾਇਰਸ ਮਰਾਮਾਰੀ ਕਾਰਨ 22 ਮਾਰਚ ਤੋਂ ਇਕ ਹਫਤੇ ਲਈ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਲਾਉਣ ਦੇ ਕਾਰਨ ਕਈ ਵਿਦਿਆਰਥੀਆਂ ਦੇ ਸਿਰ 'ਤੇ ਛੱਤ ਵੀ ਨਹੀਂ ਰਹੀ ਹੈ।

ਭਾਰਤੀ ਦੂਤਘਰ ਦੀ ਅਪੀਲ ਤੋਂ ਬਾਅਦ ਬੁੱਧਵਾਰ ਤੱਕ ਉਹਨਾਂ ਨੂੰ ਤਕਰੀਬਨ 700 ਹੋਟਲਾਂ ਤੇ 6000 ਤੋਂ ਵਧੇਰੇ ਕਮਰਿਆਂ ਦੀ ਪੇਸ਼ਕਸ਼ ਕੀਤੀ ਗਈ। ਭਾਰਤੀ ਦੂਤਘਰ ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੇ ਲਈ ਪਿਛਲੇ ਹਫਤੇ ਤੋਂ ਹੀ 24 ਘੰਟੇ ਹੈਲਪਲਾਈਨ ਚਲਾ ਰਿਹਾ ਹੈ। ਦੇਸ਼ ਵਿਚ ਤਕਰੀਬਨ 2.5 ਲੱਖ ਤੋਂ ਵਧੇਰੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਜ਼ਿਆਦਾਤਰ ਜਿਹਨਾਂ ਹੋਟਲਾਂ ਦੀ ਪੇਸ਼ਕਸ਼ ਕੀਤੀ ਗਈ ਹੈ ਉਹ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਨੇੜੇ ਹਨ ਪਰ ਭਾਈਚਾਰੇ ਦੇ ਨੇਤਾਵਾਂ ਨੇ ਅਪੀਲ ਤੋਂ ਬਾਅਦ ਦੇਸ਼ ਭਰ ਵਿਚ ਵੱਡੀ ਗਿਣਤੀ ਵਿਚ ਹੋਟਲ ਮਾਲਕ ਅੱਗੇ ਆਏ ਹਨ। ਅਮਰੀਕਾ ਵਿਚ ਭਾਰਤੀ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ ਕਿ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਭਾਰਤੀ, ਭਾਰਤੀ-ਅਮਰੀਕੀ ਤੇ ਹੋਰ ਹੋਟਲ ਮਾਲਕ ਸੰਕਟ ਦੇ ਇਸ ਸਮੇਂ ਵਿਚ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਕੱਠੇ ਮਿਲਕੇ ਅਸੀਂ ਕੋਰੋਨਾਵਾਇਰਸ ਦੇ ਖਿਲਾਫ ਲੜਾਈ ਜਿੱਤ ਸਕਦੇ ਹਾਂ।

ਸ਼ਿਕਾਗੋ ਸਥਿਤ ਭਾਈਚਾਰੇ ਦੇ ਨੇਤਾ ਨੀਰਵ ਪਟੇਲ ਨੇ ਇਕ ਪੱਤਰਕਾਰ ਏਜੰਸੀ ਨੂੰ ਕਿਹਾ ਕਿ ਭਾਰਤੀ ਭਾਈਚਾਰਾ ਵਿਦਿਆਰਥੀਆਂ ਦੀ ਮਦਦ ਦੇ ਲਈ ਇਕੱਠਾ ਹੋ ਕੇ ਸਾਹਮਣੇ ਆਇਆ ਹੈ ਤੇ ਕਈ ਹੋਟਲ ਮਾਲਕਾਂ ਨੇ ਉਹਨਾਂ ਨੂੰ ਮੁਫਤ ਕਮਰੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਕਈ ਹੋਟਲ ਵਿਦਿਆਰਥੀਆਂ ਨੂੰ ਭੋਜਨ ਵੀ ਦੇ ਰਹੇ ਹਨ। ਹੋਟਲ ਚਲਾਉਣ ਵਾਲੇ ਭਾਰਤੀ-ਅਮਰੀਕੀ ਜੋੜੇ ਕੇ.ਕੇ. ਮਹਿਤਾ ਤੇ ਚੰਦਰਾ ਮਹਿਤਾ ਨੇ ਨਿਊਯਾਰਕ ਸ਼ਹਿਰ ਵਿਚ ਟਾਈਮਸ ਸਕੁਆਇਰ ਤੇ ਬਾਰਕਲੇਜ ਸੇਂਟਰ ਦੇ ਨੇੜੇ ਸਥਿਤ ਦੋ ਪ੍ਰਮੁੱਖ ਹੋਟਲਾਂ ਵਿਚ ਭਾਰਤੀ ਵਿਦਿਆਰਥੀਆਂ ਨੂੰ 100 ਤੋਂ ਵਧੇਰੇ ਕਮਰਿਆਂ ਦੀ ਪੇਸ਼ਕਸ਼ ਕੀਤੀ ਹੈ। ਹੋਟਲਾਂ ਵਲੋਂ ਪ੍ਰੇਮ ਭੰਡਾਰੀ ਨੇ ਦੱਸਿਆ ਕਿ ਨਿਊਯਾਰਕ ਵਿਚ ਭਾਰਤੀ ਦੂਤਘਰ ਨੇ ਇਸ ਸਬੰਧ ਵਿਚ ਉਹਨਾਂ ਨਾਲ 10 ਦਿਨ ਪਹਿਲਾਂ ਸੰਪਰਕ ਕੀਤਾ ਸੀ। ਭੰਡਾਰੀ ਨੇ ਕਿਹਾ ਕਿ ਇਹ ਵਿਦਿਆਰਥੀ ਭਾਰਤ ਤੇ ਅਮਰੀਕਾ ਦੋਵਾਂ ਦਾ ਭਵਿੱਖ ਹਨ। ਸਾਰੇ ਸੀਨੀਅਰ ਭਾਰਤੀ-ਅਮਰੀਕੀ ਸੀਈਓ, ਵਿਗਿਆਨੀ ਤੇ ਡਾਕਟਰ ਵਿਦਿਆਰਥੀ ਦੇ ਤੌਰ 'ਤੇ ਇਸ ਦੇਸ਼ ਵਿਚ ਆਉਂਦੇ ਹਨ। ਇਹ ਸਾਡੀ ਡਿਊਟੀ ਹੈ ਕਿ ਆਪਣੇ ਸੰਸਾਧਨਾਂ ਨਾਲ ਉਹਨਾਂ ਦੀ ਮਦਦ ਕੀਤੀ ਜਾਵੇ। ਏ.ਏ.ਐਚ.ਓ.ਏ. ਅਪਰ ਮਿਡਵੈਸਟ ਦੇ ਖੇਤਰੀ ਡਾਇਰੈਕਟਰ ਕਲਪੇਸ਼ ਜੋਸ਼ੀ ਨੇ ਕਿਹਾ ਕਿ ਭਾਰਤ ਦੂਤਘਰ ਇਹਨਾਂ ਵਿਦਿਆਰਥੀਆਂ ਨੂੰ ਕਮਰੇ ਦਿਵਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਏਸ਼ੀਅਨ ਅਮੇਰਿਕਨ ਸਟੋਰ ਆਨਰਸ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਫਲੋਰਿਡਾ ਦੇ ਵਿਪੁਲ ਪਟੇਲ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੇ ਲਈ ਭਾਰਤੀ-ਅਮਰੀਕੀ ਹੋਟਲ ਮਾਲਕਾਂ ਵਲੋਂ ਭਰਪੂਰ ਸਮਰਥਨ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਇਕ ਵੀ ਹੋਟਲ ਮਾਲਕ ਅਜਿਹਾ ਨਹੀਂ ਮਿਲਿਆ ਜਿਸ ਨੇ ਸਾਨੂੰ ਨਾ ਕਿਹਾ ਹੋਵੇ। ਕੰਪਿਊਟਰ ਸੋਸਾਇਟੀ ਆਫ ਇੰਡੀਆ (ਨਾਰਥ ਅਮਰੀਕਾ) ਨੇ ਕਿਹਾ ਕਿ ਜੋ ਵੀ ਵਿੱਤੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਜਾਂ ਤਾਂ ਮੁਫਤ ਹੋਟਲ ਮੁਹੱਈਆ ਕਰਵਾਇਆ ਜਾਵੇਗਾ ਜਾਂ ਕਿਰਾਇਆ 50 ਡਾਲਰ ਤੋਂ ਵਧੇਰੇ ਨਹੀਂ ਹੋਵੇਗਾ।

ਵਿਦਿਆਰਥੀਆਂ ਨੂੰ ਹਿਊਸਟਨ, ਸ਼ਿਕਾਗੋ, ਅਟਲਾਂਟਾ, ਸਾਨ ਫ੍ਰਾਂਸਿਸਕੋ ਤੇ ਨਿਊਯਾਰਕ ਵਿਚ ਦੂਤਘਰਾਂ ਦੀ ਸਿਫਾਰਿਸ਼ 'ਤੇ ਕਮਰੇ ਵੰਡੇ ਜਾਣਗੇ। ਏਸ਼ੀਅਨ ਅਮੇਰਿਕਨ ਹੋਟਲ ਆਨਰਸ ਐਸੋਸੀਏਸ਼ਨ ਅਪਰ ਮਿਡਵੇਸਟ ਦੇ ਖੇਤਰੀ ਡਾਇਰੈਕਟਰ ਕਲਪੇਸ਼ ਜੋਸ਼ੀ ਨੇ ਕਿਹਾ ਕਿ ਸ਼ੁਰੂਆਤ ਵਿਚ ਵਿਦਿਆਰਥੀਆਂ ਤੋਂ 20-25 ਡਾਲਰ ਪ੍ਰਤੀ ਦਿਨ ਦਾ ਸੁਵਿਧਾ ਚਾਰਜ ਲੈਣ ਦਾ ਸੁਝਾਅ ਸੀ ਪਰ ਜਦੋਂ ਉਹਨਾਂ ਵਿਚੋਂ ਕੁਝ ਨੇ ਮੁਫਤ ਕਮਰੇ ਤੇ ਭੋਜਨ ਦੀ ਪੇਸ਼ਕਸ਼ ਦਿੱਤੀ ਤਾਂ ਹਰ ਕੋਈ ਇਸ 'ਤੇ ਰਾਜ਼ੀ ਹੋ ਗਿਆ।


Baljit Singh

Content Editor

Related News