Monday, Sep 29, 2025 - 02:24 PM (IST)
ਜੇਨੇਵਾ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਆਪਣੇ ਬਦਲ ਚੁਣਨ ਦੀ ਆਜ਼ਾਦੀ ਹਮੇਸ਼ਾ ਬਣਾਈ ਰੱਖੇਗਾ ਅਤੇ ਇਹ ਸਮਕਾਲੀ ਦੁਨੀਆ ’ਚ ਤਿੰਨ ਮੁੱਖ ਸਿਧਾਂਤਾਂ ਸਵੈ-ਨਿਰਭਰਤਾ, ਸਵੈ-ਰੱਖਿਆ ਤੇ ਸਵੈ- ਭਰੋਸੇ ’ਤੇ ਅੱਗੇ ਵਧ ਰਿਹਾ ਹੈ।
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਉੱਚ-ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਭਾਰਤ ਦੇ ਲੋਕਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਵੈ-ਨਿਰਭਰਤਾ ਦਾ ਅਰਥ ਹੈ ਆਪਣੀਆਂ ਸਮਰੱਥਾਵਾਂ ਨੂੰ ਵਧਾਉਣਾ, ਆਪਣੀਆਂ ਸ਼ਕਤੀਆਂ ਨੂੰ ਵਧਾਉਣਾ ਤੇ ਅਾਪਣੀਆਂ ਪ੍ਰਤਿਭਾਵਾਂ ਨੂੰ ਵਧਣ-ਫੁੱਲਣ ਦੇਣਾ।
ਉਨ੍ਹਾਂ ਕਿਹਾ ਕਿ ਭਾਵੇਂ ਇਹ ਨਿਰਮਾਣ ਖੇਤਰ, ਪੁਲਾੜ ਪ੍ਰੋਗਰਾਮ, ਫਾਰਮਾਸਿਊਟੀਕਲ ਉਤਪਾਦਨ ਜਾਂ ਡਿਜੀਟਲ ਐਪਲੀਕੇਸ਼ਨਾਂ ’ਚ ਹੋਵੇ, ਅਸੀਂ ਨਤੀਜੇ ਦੇਖ ਰਹੇ ਹਾਂ। ਭਾਰਤ ’ਚ ਨਿਰਮਾਣ ਤੇ ਨਵੀਨਤਾ ਦਾ ਵੀ ਦੁਨੀਆ ਨੂੰ ਫਾਇਦਾ ਹੁੰਦਾ ਹੈ। ਸਵੈ-ਰੱਖਿਆ ’ਤੇ ਵਿਸਥਾਰ ਨਾਲ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਤੇ ਦੇਸ਼-ਵਿਦੇਸ਼ ’ਚ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਰਥ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ, ਸਾਡੀਆਂ ਸਰਹੱਦਾਂ ਦੀ ਮਜ਼ਬੂਤ ਸੁਰੱਖਿਆ, ਵੱਖ-ਵੱਖ ਦੇਸ਼ਾਂ ਨਾਲ ਭਾਈਵਾਲੀ ਬਣਾਉਣੀ ਤੇ ਵਿਦੇਸ਼ਾਂ ’ਚ ਆਪਣੇ ਭਾਈਚਾਰੇ ਦੀ ਹਮਾਇਤ ਕਰਨੀ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਦੇ ਮੌਕੇ ’ਤੇ ਕਈ ਉੱਚ-ਪੱਧਰੀ ਦੁਵੱਲੀਆਂ ਮੀਟਿੰਗਾਂ ਕੀਤੀਆਂ । ਉਨ੍ਹਾਂ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਤਾਰੇਸ ਅਤੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੁਖੀ ਅੰਨਾਲੇਨਾ ਬੇਰਬੌਕ ਸਮੇਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਗੁਤਾਰੇਸ ਨਾਲ ਭੂ- ਸਿਆਸੀ ਵਿਕਾਸ ਤੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਮੌਜੂਦਾ ਚੁਣੌਤੀਆਂ ’ਤੇ ਭਾਰਤ ਦਾ ਦ੍ਰਿਸ਼ਟੀਕੋਣ ਵੀ ਸਾਂਝਾ ਕੀਤਾ। ਜੈਸ਼ੰਕਰ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਅਲਜੀਰੀਆ ਦੇ ਵਿਦੇਸ਼ ਮੰਤਰੀ ਅਹਿਮਦ ਅਤਾਫ ਨਾਲ ਵੀ ਮੁਲਾਕਾਤ ਕੀਤੀ ਅਤੇ ਭਾਰਤ ਤੇ ਅਲਜੀਰੀਆ ਵਿਚਾਲੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ’ਤੇ ਚਰਚਾ ਕੀਤੀ।
Content Editor