ਦੁਨੀਆ ਨੂੰ ਇਕ ਵਿਸ਼ਵ ਪੱਧਰੀ ਕਾਰਜਬਲ ਦੀ ਲੋੜ, ਅਸੀਂ ਇਸ ਹਕੀਕਤ ਤੋਂ ਬਚ ਨਹੀਂ ਸਕਦੇ : ਜੈਸ਼ੰਕਰ
Friday, Sep 26, 2025 - 11:31 AM (IST)

ਨਿਊਯਾਰਕ (ਏਜੰਸੀ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਅੱਜ ਦੀ ਬਦਲਦੀ ਦੁਨੀਆ ਨੂੰ ਇਕ ਵਿਸ਼ਵ ਪੱਧਰੀ ਕਾਰਜਬਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਇਸ ਹਕੀਕਤ ਤੋਂ ਬਚ ਨਹੀਂ ਸਕਦੇ ਕਿ ਰਾਸ਼ਟਰੀ ਜਨਸੰਖਿਆ ਦੇ ਕਾਰਨ ਕਈ ਦੇਸ਼ਾਂ ਵਿਚ ਵਿਸ਼ਵ ਪੱਧਰੀ ਕਾਰਜਬਲ ਦੀ ਮੰਗ ਪੂਰੀ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਦੀ ਇਹ ਟਿੱਪਣੀ ਵਪਾਰ ਅਤੇ ਟੈਰਿਫ ਚੁਣੌਤੀਆਂ ਦੇ ਨਾਲ-ਨਾਲ ਇਮੀਗ੍ਰੇਸ਼ਨ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖ਼ਤ ਰੁਖ਼ ਵਿਚਕਾਰ ਆਈ ਹੈ, ਜਿਸ ਵਿਚ ਐੱਚ-1ਬੀ ਵੀਜ਼ਾ ’ਤੇ 1,00,000 ਅਮਰੀਕੀ ਡਾਲਰ ਦੀ ਨਵੀਂ ਫੀਸ ਸ਼ਾਮਲ ਹੈ, ਜੋ ਮੁੱਖ ਤੌਰ ’ਤੇ ਭਾਰਤੀ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਦੀ ਹੈ। ਇਨ੍ਹਾਂ ਅਸਥਾਈ ਵਰਕ ਵੀਜ਼ਿਆਂ ਦੇ ਜ਼ਿਆਦਾਤਰ ਲਾਭਪਾਤਰੀ ਭਾਰਤੀ ਹਨ।
ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੌਰਾਨ ਆਬਜ਼ਰਵਰ ਰਿਸਰਚ ਫਾਊਂਡੇਸ਼ਨ (ਓ. ਆਰ. ਐੱਫ.) ਵੱਲੋਂ ਆਯੋਜਿਤ ਪ੍ਰੋਗਰਾਮ ‘ਐਟ ਦਿ ਹਾਰਟ ਆਫ ਡਿਵੈਲਪਮੈਂਟ : ਏਡ, ਟ੍ਰੇਡ ਐਂਡ ਟੈਕਨਾਲੌਜੀ’ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਵਿਸ਼ਵ ਪੱਧਰੀ ਕਾਰਜਬਲ ਬਣਾਉਣ ਦਾ ਸੱਦਾ ਦਿੱਤਾ, ਜੋ ਵਧੇਰੇ ਸਵੀਕਾਰਯੋਗ, ਸਮਕਾਲੀ ਅਤੇ ਕੁਸ਼ਲ ਹੋਵੇ, ਜਿਸ ਨੂੰ ਫਿਰ ਇਕ ਵਿਕੇਂਦਰੀਕ੍ਰਿਤ, ਵਿਸ਼ਵ ਪੱਧਰੀ ਕਾਰਜਬਲ ’ਚ ਸਥਾਪਿਤ ਕੀਤਾ ਜਾ ਸਕੇ।