ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਹੋਵੇ ਸੁਧਾਰ : ਜੈਸ਼ੰਕਰ
Saturday, Sep 27, 2025 - 11:52 PM (IST)

ਨਿਊਯਾਰਕ, (ਭਾਸ਼ਾ)- ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਿਊਯਾਰਕ ’ਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸ਼ਿਰਕਤ ਕੀਤੀ। ਇੱਥੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂ. ਐੱਨ. ਐੱਸ. ਸੀ.) ’ਚ ਸੁਧਾਰ ਅਤੇ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਮੰਗ ਉਠਾਈ।
ਜੈਸ਼ੰਕਰ ਨੇ ਕਿਹਾ ਕਿ ਜਦੋਂ ਦੁਨੀਆ ’ਚ ਸਹਿਯੋਗ ਕਮਜ਼ੋਰ ਪੈ ਰਿਹਾ ਹੈ, ਉਦੋਂ ਬ੍ਰਿਕਸ ਦੇਸ਼ ਇਕ ਮਜ਼ਬੂਤ ਅਤੇ ਸਕਾਰਾਤਮਕ ਆਵਾਜ਼ ਬਣ ਕੇ ਉੱਭਰੇ ਹਨ। ਉਨ੍ਹਾਂ ਨੇ ਵਿਸ਼ਵ ਸ਼ਾਂਤੀ, ਕੂਟਨੀਤੀ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ’ਤੇ ਜ਼ੋਰ ਦਿੱਤਾ।
ਜੈਸ਼ੰਕਰ ਅੱਜ ਰਾਤ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ’ਚ ਭਾਸ਼ਣ ਦੇਣਗੇ। ਇਸ ਤੋਂ ਪਹਿਲਾਂ ਉਨ੍ਹਾਂ 2023 ਅਤੇ 2024 ’ਚ ਵੀ ਸੰਯੁਕਤ ਰਾਸ਼ਟਰ ਮਹਾਸਭਾ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਜੈਸ਼ੰਕਰ ਤੋਂ ਪਿਛਲੀ ਵਾਰ ਵਾਂਗ ਇਸ ਵਾਰ ਵੀ ਅੱਤਵਾਦ ਖਿਲਾਫ ਭਾਰਤ ਦੀ ਜ਼ੀਰੋ-ਟਾਲਰੈਂਸ ਨੀਤੀ ’ਤੇ ਅਤੇ ਗਲੋਬਲ ਸਾਊਥ ’ਚ ਮੁੱਦਿਆਂ ’ਤੇ ਬੋਲ ਸਕਦੇ ਹਨ।
ਜੈਸ਼ੰਕਰ ਨੇ ਕਿਹਾ ਕਿ ਦੁਨੀਆ ’ਚ ਕਈ ਦੇਸ਼ ਆਪਣੇ ਬਾਜ਼ਾਰਾਂ ਨੂੰ ਬਚਾਉਣ ਲਈ ਉੱਚੇ ਟੈਕਸ ਅਤੇ ਸਖ਼ਤ ਨਿਯਮ ਲਾਗੂ ਕਰ ਰਹੇ ਹਨ, ਜਿਸ ਨਾਲ ਅੰਤਰਰਾਸ਼ਟਰੀ ਵਪਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ, ਅਜਿਹੇ ’ਚ ਲੋੜ ਹੈ ਕਿ ਬ੍ਰਿਕਸ ਵਪਾਰ ਪ੍ਰਣਾਲੀ ਦੀ ਰੱਖਿਆ ਕਰੇ। ਉਨ੍ਹਾਂ ਕਿਹਾ ਕਿ ਮੌਜੂਦਾ ਗਲੋਬਲ ਹਾਲਾਤ ਠੀਕ ਨਹੀਂ ਹਨ। ਅਜਿਹੇ ਸਮੇਂ ’ਚ ਬ੍ਰਿਕਸ ਨੂੰ ਸ਼ਾਂਤੀ, ਗੱਲਬਾਤ, ਕੂਟਨੀਤੀ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦਾ ਸੰਦੇਸ਼ ਵਧੇਰੇ ਮਜ਼ਬੂਤੀ ਨਾਲ ਦੇਣਾ ਚਾਹੀਦਾ ਹੈ।