ਭਾਰਤ ਨੇ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਨੂੰ ਮੋਬਾਇਲ ਬ੍ਰਿਜ ਸਿਸਟਮ ਤੇ ਜਲ ਸ਼ੁੱਧੀਕਰਨ ਯੂਨਿਟ ਭੇਜੇ

Thursday, Dec 04, 2025 - 05:06 PM (IST)

ਭਾਰਤ ਨੇ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਨੂੰ ਮੋਬਾਇਲ ਬ੍ਰਿਜ ਸਿਸਟਮ ਤੇ ਜਲ ਸ਼ੁੱਧੀਕਰਨ ਯੂਨਿਟ ਭੇਜੇ

ਕੋਲੰਬੋ (ਭਾਸ਼ਾ) - ਭਾਰਤੀ ਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਨੂੰ ਮੋਬਾਇਲ ਮਾਡਿਊਲਰ ਬ੍ਰਿਜ ਸਿਸਟਮ ਅਤੇ ਜਲ ਸ਼ੁੱਧੀਕਰਨ ਯੂਨਿਟ ਭੇਜੇ ਹਨ। ਇਹ ਸਹਾਇਤਾ ਅਲੱਗ-ਥਲੱਗ ਭਾਈਚਾਰਿਆਂ ਨੂੰ ਜੋੜਨ ਅਤੇ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਲਈ ਮਾਨਵਤਾਵਾਦੀ ਸਹਾਇਤਾ ਦਾ ਹਿੱਸਾ ਹੈ। ਚੱਕਰਵਾਤ ਦਿਤਵਾ ਕਾਰਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀ ਮਾਰ ਹੇਠ ਸ਼੍ਰੀਲੰਕਾ ਵਿਚ ਬੁਨਿਆਦੀ ਢਾਂਚੇ ਤਬਾਹ ਹੋਣ ਕਾਰਨ ਕਈ ਜ਼ਿਲ੍ਹੇ ਅਲੱਗ-ਥਲੱਗ ਪੈ ਗਏ ਹਨ। 16 ਨਵੰਬਰ ਤੋਂ ਲਗਾਤਾਰ ਬਣੀਆਂ ਇਨ੍ਹਾਂ ਖਰਾਬ ਸਥਿਤੀਆਂ ਕਾਰਨ ਬੁੱਧਵਾਰ ਸ਼ਾਮ ਤੱਕ ਘੱਟੋ-ਘੱਟ 479 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 350 ਲਾਪਤਾ ਹਨ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ, ਕੋਲੰਬੋ ਦੀ ਬੇਨਤੀ 'ਤੇ ਭਾਰਤੀ ਹਵਾਈ ਸੈਨਾ ਦਾ ਇੱਕ C-17 ਗਲੋਬਮਾਸਟਰ ਟ੍ਰਾਂਸਪੋਰਟ ਜਹਾਜ਼ ਬੁੱਧਵਾਰ ਨੂੰ 500 ਜਲ ਸ਼ੁੱਧੀਕਰਨ ਯੂਨਿਟਾਂ ਦੇ ਨਾਲ ਇੱਕ ਬੇਲੀ ਬ੍ਰਿਜ ਸਿਸਟਮ ਲੈ ਕੇ ਪਹੁੰਚਿਆ।

ਮਿਸ਼ਨ ਨੇ ਕਿਹਾ ਕਿ "ਨੁਕਸਾਨੇ ਗਏ ਪੁਲਾਂ ਨੂੰ ਬਦਲਣ ਲਈ ਇਹ ਵਿਸ਼ਾਲ ਢਾਂਚਾ ਕੁੱਝ ਹੀ ਘੰਟਿਆਂ ਦੇ ਅੰਦਰ ਸਥਾਪਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਲਈ ਪਹੁੰਚ ਨੂੰ ਮਜ਼ਬੂਤ ਹੋਵੇਗੀ।" ਪੁਲ ਨੂੰ ਸਥਾਪਤ ਕਰਨ ਲਈ ਜਹਾਜ਼ ਵਿਚ ਮਾਹਰ ਇੰਜੀਨੀਅਰਾਂ ਸਮੇਤ 22 ਕਰਮਚਾਰੀ ਅਤੇ ਪਹਿਲਾਂ ਤੋਂ ਤਾਇਨਾਤ ਫੀਲਡ ਹਸਪਤਾਲ ਦੀ ਸਹਾਇਤਾ ਲਈ ਇੱਕ ਮੈਡੀਕਲ ਟੀਮ ਵੀ ਭੇਜੀ ਗਈ ਹੈ। ਭਾਰਤ ਨੇ ਆਪਣੇ "ਆਪ੍ਰੇਸ਼ਨ ਸਾਗਰ ਬੰਧੂ" ਦੇ ਤਹਿਤ ਇਹ ਮਾਨਵਤਾਵਾਦੀ ਸਹਾਇਤਾ ਭੇਜੀ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਨੇ ਬੁੱਧਵਾਰ ਨੂੰ ਭਾਰਤ ਦੇ ਅਟੁੱਟ ਸਮਰਥਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। 


author

cherry

Content Editor

Related News