ਭਾਰਤ ਤੋਂ ਪਹਿਲੀ ਪੈਸੇਂਜਰ ਟਰੇਨ ਪਹੁੰਚੀ ਨੇਪਾਲ, ਸਥਾਨਕ ਲੋਕਾਂ ਨੇ ਕੀਤਾ ਜ਼ੋਰਦਾਰ ਸਵਾਗਤ

Monday, Nov 05, 2018 - 09:57 AM (IST)

ਕਾਠਮੰਡੂ (ਬਿਊਰੋ)— ਭਾਰਤ ਤੋਂ ਪਹਿਲੀ ਵਾਰ ਐਤਵਾਰ ਨੂੰ ਨੇਪਾਲ ਪਹੁੰਚੀ ਪਹਿਲੀ ਪੈਸੇਂਜਰ ਟਰੇਨ ਦਾ ਸਥਾਨਕ ਲੋਕਾਂ ਨੇ ਸਵਾਗਤ ਕੀਤਾ। ਪਰੀਖਣ ਸੰਚਾਲਨ ਦੇ ਤਹਿਤ ਪੈਸੇਂਜਰ ਟਰੇਨ ਬਿਹਾਰ ਦੇ ਬਥਨਾਹਾ ਤੋਂ 18.1 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਨੇਪਾਲ ਦੇ ਪੂਰਬੀ ਉਦਯੋਗਿਕ ਸ਼ਹਿਰ ਬਿਰਾਟਨਗਰ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਪਹੁੰਚੀ ਇਸ ਟਰੇਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਟਰੇਨ 'ਤੇ ਭਾਰਤ ਅਤੇ ਨੇਪਾਲ ਦੇ ਝੰਡੇ ਲਗਾਏ ਗਏ ਸਨ।

ਪਰੀਖਣ ਯਾਤਰਾ ਦੌਰਾਨ ਭਾਰਤੀ ਰੇਲਵੇ ਦੇ ਇੰਜੀਨੀਅਰ ਅਤੇ ਨਿਰਮਾਣ ਕੰਪਨੀ ਦੇ ਅਧਿਕਾਰੀ ਟਰੇਨ ਵਿਚ ਸਵਾਰ ਸਨ। ਇਸ ਰੂਟ 'ਤੇ 13.1 ਕਿਲੋਮੀਟਰ ਦਾ ਖੇਤਰ ਨੇਪਾਲ ਵਿਚ ਪੈਂਦਾ ਹੈ। ਇਸ ਪ੍ਰਾਜੈਕਟ ਦਾ ਅਨੁਮਾਨਿਤ ਖਰਚ 4,800 ਕਰੋੜ ਰੁਪਏ ਦਾ ਹੈ। ਇਹ ਰਾਸ਼ੀ ਆਰਥਿਕ ਸਹਿਯੋਗ ਦੇ ਤਹਿਤ ਭਾਰਤ ਨੇ ਨੇਪਾਲ ਨੂੰ ਉਪਲਬਧ ਕਰਵਾਈ ਹੈ। ਇਸ ਦੇ ਇਲਾਵਾ ਦੋਹਾਂ ਦੇਸ਼ਾਂ ਵਿਚਕਾਰ ਬ੍ਰਾਡ ਗੇਜ 'ਤੇ ਪਹਿਲੀ ਯਾਤਰੀ ਟਰੇਨ ਦੇ ਇਸ ਸਾਲ ਦਸੰਬਰ ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਨਵੀਂ ਦਿੱਲੀ ਦੇ ਰੇਲਵੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਟਰੇਨ ਬਿਹਾਰ ਵਿਚ ਜੈਨਗਰ ਤੋਂ ਨੇਪਾਲ ਵਿਚ ਜਨਕਪੁਰ ਜੋਨ ਦੇ ਧਨੁਸ਼ਾ ਜ਼ਿਲੇ ਦੇ ਕੁਰਥਾ ਤੱਕ ਚੱਲੇਗੀ। ਜੈਨਗਰ-ਕੁਰਥਾ ਰੇਲਖੰਡ ਦੀ ਲੰਬਾਈ 34 ਕਿਲੋਮੀਟਰ ਹੈ। ਸੂਤਰਾਂ ਨੇ ਦੱਸਿਆ ਕਿ ਜੈਨਗਰ ਵਿਚ ਸੰਭਵ ਤੌਰ 'ਤੇ ਇਕ ਇਮੀਗ੍ਰੇਸ਼ਨ ਚੈਕ ਨਾਕਾ ਬਣਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਇਮੀਗ੍ਰੇਸ਼ਨ ਬਿਊਰੋ ਜਾਂ ਰਾਜ ਸਰਕਾਰ ਦੀ ਹੋਵੇਗੀ। ਇਸ ਰਸਤੇ ਆਉਣ-ਜਾਣ ਲਈ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ ਵੀਜ਼ਾ ਦੀ ਲੋੜ ਨਹੀਂ ਹੋਵੇਗੀ। ਨੇਪਾਲੀ ਅਧਿਕਾਰੀਆਂ ਨੇ ਰੇਲਵੇ ਨੂੰ ਸੂਚਿਤ ਕੀਤਾ ਹੈ ਕਿ ਇਹ ਸੈਕਸ਼ਨ ਚਾਰ ਯਾਤਰਾਵਾਂ ਲਈ ਖੁੱਲ੍ਹਾਂ ਰਹੇਗਾ ਅਤੇ 8 ਤੋਂ 16 ਘੰਟੇ ਦੀ ਸ਼ਿਫਟ ਵਿਚ ਕੰਮ ਕਰੇਗਾ।


Vandana

Content Editor

Related News