ਨਵੀਂ ਯਾਤਰਾ ''ਤੇ ਨਿਕਲ ਪਿਆ ਹੈ ਭਾਰਤ, ਹੁਣ ਵਿਕਸਿਤ ਭਾਰਤ ਬਣਾਉਣਾ ਮੁੱਖ ਟੀਚਾ : PM ਮੋਦੀ

Sunday, Nov 17, 2024 - 11:28 PM (IST)

ਅਬੂਜਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਇਕ ਆਤਮਵਿਸ਼ਵਾਸ ਨਾਲ ਭਰਿਆ ਭਾਰਤ ਇਕ ਨਵੀਂ ਯਾਤਰਾ 'ਤੇ ਨਿਕਲ ਪਿਆ ਹੈ ਅਤੇ ਹੁਣ ਉਨ੍ਹਾਂ ਦਾ ਉਦੇਸ਼ 'ਵਿਕਸਿਤ ਭਾਰਤ' ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਪਿਛਲੇ 10 ਸਾਲਾਂ ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।

ਨਾਈਜੀਰੀਆ ਦੀ ਰਾਜਧਾਨੀ 'ਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਵਿਕਾਸ, ਸ਼ਾਂਤੀ, ਖੁਸ਼ਹਾਲੀ ਅਤੇ ਲੋਕਤੰਤਰ ਦਾ ਪ੍ਰਤੀਕ ਬਣ ਕੇ ਦੁਨੀਆ ਲਈ ਨਵੀਂ ਉਮੀਦ ਬਣ ਕੇ ਉਭਰਿਆ ਹੈ। ਮੋਦੀ ਨੇ ਆਪਣਾ ਭਾਸ਼ਣ "ਸੰਨੂ, ਨਾਈਜੀਰੀਆ" ਨਾਲ ਸ਼ੁਰੂ ਕੀਤਾ, ਜਿਸਦਾ ਅਰਥ ਹੈ "ਹੈਲੋ ਨਾਈਜੀਰੀਆ"। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਨਾਈਜੀਰੀਆ ਦੀ ਇਹ ਉਨ੍ਹਾਂ ਦੀ ਪਹਿਲੀ ਫੇਰੀ ਹੈ, ਪਰ ਉਹ ਇਕੱਲੇ ਨਹੀਂ ਆਏ ਹਨ।

ਮੋਦੀ ਨੇ ਕਿਹਾ, "ਮੈਂ ਆਪਣੇ ਨਾਲ ਭਾਰਤ ਦੀ ਮਿੱਟੀ ਦੀ ਖੁਸ਼ਬੂ ਲੈ ਕੇ ਆਇਆ ਹਾਂ ਅਤੇ ਕਰੋੜਾਂ ਭਾਰਤੀਆਂ ਦੀ ਤਰਫੋਂ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਲੈ ਕੇ ਆਇਆ ਹਾਂ।" ਮੋਦੀ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਆਪਣੀ ਸੁਵਿਧਾਜਨਕ ਸਥਿਤੀ ਤੋਂ ਬਾਹਰ ਨਿਕਲ ਚੁੱਕਾ ਹੈ ਅਤੇ ਨਵੀਆਂ ਚੀਜ਼ਾਂ ਕਰਦੇ ਹੋਏ ਨਵੇਂ ਰਾਹ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ 'ਮੋਦੀ-ਮੋਦੀ' ਦੇ ਨਾਅਰਿਆਂ ਵਿਚਕਾਰ ਕਿਹਾ, "ਆਤਮਵਿਸ਼ਵਾਸ ਨਾਲ ਭਰਿਆ ਭਾਰਤ ਅੱਜ ਇਕ ਨਵੀਂ ਯਾਤਰਾ 'ਤੇ ਨਿਕਲ ਪਿਆ ਹੈ। ਟੀਚਾ ਸਪੱਸ਼ਟ ਹੈ ਇਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ।"

ਇਹ ਵੀ ਪੜ੍ਹੋ : ਸ਼ੋਪੀਆਂ 'ਚ ਅੱਤਵਾਦੀਆਂ ਦੇ ਖ਼ੁਫ਼ੀਆ ਟਿਕਾਣੇ ਨੂੰ ਸੁਰੱਖਿਆ ਬਲਾਂ ਨੇ ਕੀਤਾ ਤਬਾਹ

ਮੋਦੀ ਨੇ ਕਿਹਾ ਕਿ ਭਾਰਤ ਵਿਚ ਹੁਣ 1.5 ਲੱਖ ਤੋਂ ਵੱਧ ਰਜਿਸਟਰਡ 'ਸਟਾਰਟਅੱਪ' ਹਨ। "ਪਿਛਲੇ ਦਹਾਕੇ ਵਿਚ 100 ਤੋਂ ਵੱਧ ਯੂਨੀਕੋਰਨ ਬਣਾਏ ਗਏ ਹਨ। ਇਕ ਯੂਨੀਕੋਰਨ ਦਾ ਮਤਲਬ ਹੈ 8,000-10,000 ਕਰੋੜ ਰੁਪਏ ਦੇ ਪੂੰਜੀਕਰਣ ਵਾਲੀ ਕੰਪਨੀ। 100 ਤੋਂ ਵੱਧ ਕੰਪਨੀਆਂ ਭਾਰਤ ਦੇ ਸਟਾਰਟਅੱਪ ਸੱਭਿਆਚਾਰ ਦੀ ਸਫਲਤਾ ਦਾ ਪ੍ਰਮਾਣ ਹਨ। ਉਨ੍ਹਾਂ ਕਿਹਾ ਕਿ ਭਾਰਤ ਇਹ ਉਪਲਬਧੀ ਇਸ ਲਈ ਹਾਸਲ ਕਰ ਸਕਿਆ, ਕਿਉਂਕਿ ਉਹ ਆਪਣੀ ਆਰਾਮਦਾਇਕ ਸਥਿਤੀ ਤੋਂ ਬਾਹਰ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਹਾਕੇ ਵਿਚ ਆਪਣੀ ਜੀਡੀਪੀ ਵਿਚ ਇਕ ਟ੍ਰਿਲੀਅਨ ਅਮਰੀਕੀ ਡਾਲਰ ਦਾ ਵਾਧਾ ਕੀਤਾ ਹੈ।

ਉਨ੍ਹਾਂ ਕਿਹਾ, "ਭਾਰਤੀ ਅਰਥਵਿਵਸਥਾ ਦਾ ਆਕਾਰ 10 ਸਾਲਾਂ ਵਿਚ ਦੁੱਗਣਾ ਹੋ ਗਿਆ ਹੈ। ਅੱਜ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਪੰਜ ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਵਾਲਾ ਦੇਸ਼ ਅਤੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਮੋਦੀ ਨੇ ਕਿਹਾ ਕਿ ਪੁਲਾੜ ਉਦਯੋਗ 'ਚ ਭਾਰਤ ਦੀ ਤਰੱਕੀ ਲਈ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਫੈਸਲਾ ਕੀਤਾ ਹੈ ਕਿ ਜਲਦੀ ਹੀ ਭਾਰਤੀਆਂ ਨੂੰ ਸਾਡੇ ਆਪਣੇ ਗਗਨਯਾਨ ਰਾਹੀਂ ਪੁਲਾੜ ਵਿਚ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਬਦਰੀਨਾਥ ਧਾਮ ਦੇ ਕਿਵਾੜ ਸ਼ੀਤਕਾਲ ਲਈ ਹੋਏ ਬੰਦ, ਚਾਰਧਾਮ ਯਾਤਰਾ ਹੋਈ ਸਮਾਪਤ

ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਪੁਲਾੜ ਵਿਚ ਵੀ ਆਪਣਾ ਸਟੇਸ਼ਨ ਬਣਾਉਣ ਜਾ ਰਿਹਾ ਹੈ। ਆਰਾਮਦਾਇਕ ਸਥਿਤੀ ਤੋਂ ਬਾਹਰ ਨਿਕਲਣਾ ਅਤੇ ਨਵੇਂ ਰਾਹ ਬਣਾਉਣਾ ਭਾਰਤ ਦੀ ਆਦਤ ਬਣ ਗਈ ਹੈ। ਪਿਛਲੇ 10 ਸਾਲਾਂ ਵਿਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਗਿਆ ਹੈ। ਮੋਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਨਾਈਜੀਰੀਆ ਦੇ ਰਾਸ਼ਟਰਪਤੀ ਟਿਨੁਬੂ ਦੇ ਸੱਦੇ 'ਤੇ ਨਾਈਜੀਰੀਆ ਵਿਚ ਹਨ। ਇਹ 17 ਸਾਲਾਂ ਵਿਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਈਜੀਰੀਆ ਦੀ ਪਹਿਲੀ ਯਾਤਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News