ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ PM ਬਣੇ ਮੋਦੀ, ਮਿਲਿਆ ਸਰਵਉੱਚ ਸਨਮਾਨ

Wednesday, Feb 25, 2026 - 11:38 PM (IST)

ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ PM ਬਣੇ ਮੋਦੀ, ਮਿਲਿਆ ਸਰਵਉੱਚ ਸਨਮਾਨ

ਤੇਲ ਅਵੀਵ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਰੋਜ਼ਾ ਇਜ਼ਰਾਈਲ ਦੌਰੇ ਦੌਰਾਨ ਬੁੱਧਵਾਰ ਨੂੰ ਦੇਸ਼ ਦੀ ਸੰਸਦ 'ਨੇਸੇਟ' ਨੂੰ ਸੰਬੋਧਨ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਪੀਐਮ ਮੋਦੀ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਮੌਕੇ ਇਜ਼ਰਾਈਲੀ ਸੰਸਦ ਵੱਲੋਂ ਉਨ੍ਹਾਂ ਨੂੰ 'ਸਪੀਕਰ ਆਫ ਦ ਨੇਸੇਟ' ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ।

ਰਣਨੀਤਕ ਸਬੰਧਾਂ ਲਈ ਮਿਲਿਆ ਸਰਵਉੱਚ ਸਨਮਾਨ 

ਭਾਰਤ ਅਤੇ ਇਜ਼ਰਾਈਲ ਦੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਅਸਾਧਾਰਨ ਯੋਗਦਾਨ ਨੂੰ ਮਾਨਤਾ ਦਿੰਦਿਆਂ ਨੇਸੇਟ ਦੇ ਪ੍ਰਧਾਨ ਅਮੀਰ ਓਹਾਣਾ ਨੇ ਪੀਐਮ ਮੋਦੀ ਨੂੰ 'ਸਪੀਕਰ ਆਫ ਦ ਨੇਸੇਟ ਮੈਡਲ' ਪ੍ਰਦਾਨ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਚੋਣਵੇਂ ਵਿਸ਼ਵ ਨੇਤਾਵਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਇਜ਼ਰਾਈਲ ਅਤੇ ਫਲਸਤੀਨ ਦੋਵਾਂ ਦੇਸ਼ਾਂ ਤੋਂ ਚੋਟੀ ਦੇ ਪੁਰਸਕਾਰ ਪ੍ਰਾਪਤ ਹੋਏ ਹਨ। ਸਾਲ 2018 ਵਿੱਚ ਉਨ੍ਹਾਂ ਨੂੰ ਫਲਸਤੀਨ ਦੇ ਸਰਵਉੱਚ ਸਨਮਾਨ 'ਗ੍ਰੈਂਡ ਕਾਲਰ ਆਫ ਦ ਸਟੇਟ ਆਫ ਪੈਲੇਸਟਾਈਨ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਅੱਤਵਾਦ ਵਿਰੁੱਧ ਇਜ਼ਰਾਈਲ ਦੇ ਨਾਲ ਖੜ੍ਹਾ ਹੈ ਭਾਰਤ

ਪੀਐਮ ਮੋਦੀ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ 7 ਅਕਤੂਬਰ ਨੂੰ ਹਮਾਸ ਵੱਲੋਂ ਕੀਤੇ ਗਏ ਕਤਲੇਆਮ ਦੀ ਸਖ਼ਤ ਨਿੰਦਾ ਕੀਤੀ ਅਤੇ ਇਜ਼ਰਾਈਲ ਨਾਲ ਇਕਜੁੱਟਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਭਾਰਤ ਅੱਤਵਾਦ ਵਿਰੋਧੀ ਹਰ ਕਾਰਵਾਈ ਵਿੱਚ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਨੇ ਨਾਮ ਲਏ ਬਿਨਾਂ ਪਾਕਿਸਤਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤ ਵੀ ਲੰਬੇ ਸਮੇਂ ਤੋਂ ਅੱਤਵਾਦ ਦਾ ਸ਼ਿਕਾਰ ਰਿਹਾ ਹੈ ਅਤੇ ਇਸ ਵਿਰੁੱਧ ਗਲੋਬਲ ਕਾਰਵਾਈ ਦੀ ਲੋੜ ਹੈ।

'ਦੋਸਤ ਤੋਂ ਵਧ ਕੇ ਭਰਾ' 

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ "ਇੱਕ ਮਹਾਨ ਦੋਸਤ ਅਤੇ ਭਰਾ" ਦੱਸਿਆ। ਨੇਤਨਯਾਹੂ ਨੇ ਕਿਹਾ ਕਿ ਪੀਐਮ ਮੋਦੀ ਦੇ ਆਉਣ ਨਾਲ ਉਹ ਇੰਨੇ ਉਤਸ਼ਾਹਿਤ ਹਨ ਜਿੰਨੇ ਪਹਿਲਾਂ ਕਦੇ ਨਹੀਂ ਹੋਏ। ਮੋਦੀ ਨੇ ਇਜ਼ਰਾਈਲ ਨੂੰ 'ਨਵੀਨਤਾ ਅਤੇ ਤਕਨੀਕੀ ਅਗਵਾਈ ਦੀ ਮਹਾਂਸ਼ਕਤੀ' ਕਰਾਰ ਦਿੱਤਾ ਅਤੇ ਭਵਿੱਖ ਦੀ ਸਾਂਝੇਦਾਰੀ 'ਤੇ ਜ਼ੋਰ ਦਿੱਤਾ।

ਸੰਸਦ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 'ਨੇਸੇਟ ਪਲਾਜ਼ਾ ਮੈਮੋਰੀਅਲ ਮਾਨੂਮੈਂਟ' 'ਤੇ ਫੁੱਲ ਮਾਲਾ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਦੌਰੇ ਨਾਲ ਭਾਰਤ ਅਤੇ ਇਜ਼ਰਾਈਲ ਦੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ।


author

Rakesh

Content Editor

Related News