ਭਾਰਤ ਨੇ ਬੰਗਲਾਦੇਸ਼ ਨੂੰ ਤੋਹਫ਼ੇ ਵਜੋਂ ਦਿੱਤੀਆਂ 40 ਐਂਬੂਲੈਂਸ
Saturday, Aug 28, 2021 - 02:48 PM (IST)
ਢਾਕਾ— ਭਾਰਤ ਵਲੋਂ ਬੰਗਲਾਦੇਸ਼ ਨੂੰ ਤੋਹਫ਼ੇ ਵਜੋਂ ਦਿੱਤੀਆਂ ਗਈਆਂ 40 ਹੋਰ ਐਂਬੂਲੈਂਸ ਬੰਗਲਾਦੇਸ਼ ਪਹੁੰਚ ਗਈਆਂ ਹਨ। ਦਰਅਸਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੋਹਫ਼ੇ ਵਿਚ ਬੰਗਲਾਦੇਸ਼ ਨੂੰ ਐਂਬੂਲੈਂਸ ਦਿੱਤੀਆਂ ਗਈਆਂ, ਜੋ ਕਿ ਬੇਨਾਪੋਲ ਲੈਂਡ ਪੋਰਟ ਜ਼ਰੀਏ ਬੰਗਲਾਦੇਸ਼ ਪਹੁੰਚੀਆਂ। ਬੇਨਾਪੋਲ ਕਸਟਮ ਵਿਭਾਗ ਦੇ ਵਧੀਕ ਕਮਿਸ਼ਨਰ ਨੇਯਮੁਲ ਇਸਲਾਮ ਨੇ ਕਿਹਾ ਕਿ 40 ਐਂਬੂਲੈਂਸ ਭਾਰਤੀ ਸਰਹੱਦ ’ਤੇ ਪੈਟਰਾਪੋਲ ਸਰਹੱਦ ਤੋਂ ਬੰਗਲਾਦੇਸ਼ ’ਚ ਪ੍ਰਵੇਸ਼ ਕਰ ਗਈਆਂ। ਉਨ੍ਹਾਂ ਨੇ ਕਿਹਾ ਕਿ ਮਨਜ਼ੂਰੀ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਮਗਰੋਂ ਐਂਬੂਲੈਂਸ ਢਾਕਾ ਲਈ ਰਵਾਨਾ ਹੋਈਆਂ।
ਭਾਰਤੀ ਹਾਈ ਕਮਿਸ਼ਨ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26-27 ਮਾਰਚ ਨੂੰ ਆਪਣੀ ਯਾਤਰਾ ਦੌਰਾਨ ਬੰਗਲਾਦੇਸ਼ ਨੂੰ 109 ਐਂਬੂਲੈਂਸ ਤੋਹਫ਼ੇ ’ਚ ਦੇਣ ਦਾ ਐਲਾਨ ਕੀਤਾ। ਵਿਸ਼ੇਸ਼ ਰੂਪ ਨਾਲ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਸਾਂਝੀ ਕੋਸ਼ਿਸ਼ ਵਿਚ ਸਿਹਤ ਸੇਵਾ ’ਚ ਮਦਦ ਕਰਨ ਲਈ। ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਐਂਬੂਲੈਂਸ ’ਚ ਵੈਂਟੀਲੇਸ਼ਨ ਸਪੋਰਟ ਹੈ। ਹੁਣ ਤੱਕ 71 ਅਬੂਲੈਂਸ ਬੰਗਾਲਦੇਸ਼ ਪਹੁੰਚ ਚੁੱਕੀਆਂ ਹਨ ਅਤੇ ਬਾਕੀ ਦੇ ਸਤੰਬਰ ਦੇ ਮੱਧ ਤਕ ਆਉਣ ਦੀ ਉਮੀਦ ਹੈ। ਇਨ੍ਹਾਂ ’ਚ ਪਹਿਲੀ ਐਂਬੂਲੈਂਸ 21 ਮਾਰਚ ਨੂੰ, 30 ਹੋਰ ਐਂਬੂਲੈਂਸ 7 ਅਗਸਤ ਨੂੰ ਅਤੇ 40 ਵੀਰਵਾਰ ਨੂੰ ਪਹੁੰਚੀਆਂ।