ਸੰਜੇ ਵਰਮਾ ਨੇ Canada ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
Monday, Oct 21, 2024 - 09:36 AM (IST)
ਓਟਾਵਾ: ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਜਸਟਿਨ ਟਰੂਡੋ ਸਰਕਾਰ 'ਤੇ ਖਾਲਿਸਤਾਨੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਹੈ। ਸੰਜੇ ਵਰਮਾ ਨੇ ਕਿਹਾ ਹੈ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀ (ਸੀ.ਐੱਸ.ਆਈ.ਐੱਸ.) ਦਾ ਕੁਝ ਖਾਲਿਸਤਾਨੀ ਕੱਟੜਪੰਥੀਆਂ ਅਤੇ ਅੱਤਵਾਦੀਆਂ ਨਾਲ ਡੂੰਘਾ ਗਠਜੋੜ ਹੈ। ਸੀ.ਐੱਸ.ਆਈ.ਐੱਸ ਨੂੰ ਉਨ੍ਹਾਂ ਤੋਂ ਕਈ ਤਰ੍ਹਾਂ ਦੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੈਨੇਡਾ ਉਨ੍ਹਾਂ ਨੂੰ ਪਨਾਹ ਦੇ ਰਿਹਾ ਹੈ, ਉਹ ਸਹੀ ਨਹੀਂ ਹੈ।
ਸੰਜੇ ਵਰਮਾ ਨੇ ਸੀ.ਟੀ.ਵੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ, 'ਕੈਨੇਡਾ ਵਿੱਚ ਰਹਿਣ ਵਾਲੇ ਖਾਲਿਸਤਾਨੀ ਅੱਤਵਾਦੀ ਭਾਰਤ ਦੇ ਨਹੀਂ ਹਨ, ਸਗੋਂ ਇਹ ਲੋਕ ਕੈਨੇਡੀਅਨ ਹਨ। ਇਹ ਲੋਕ ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੁੱਧ ਕੰਮ ਕਰ ਰਹੇ ਹਨ। ਕੈਨੇਡਾ ਨੂੰ ਆਪਣੇ ਨਾਗਰਿਕਾਂ ਨੂੰ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ 'ਤੇ ਹਮਲਾ ਕਰਨ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ।
ਟਰੂਡੋ ਨੇ ਰਿਸ਼ਤੇ ਕੀਤੇ ਖਰਾਬ : ਵਰਮਾ
ਸੰਜੇ ਵਰਮਾ ਨੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਵਿਗੜਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਟਰੂਡੋ ਨੇ ਆਪਣੀ ਨੀਤੀ ਅਤੇ ਗਲਤ ਕਦਮਾਂ ਨਾਲ ਦੁਵੱਲੇ ਸਬੰਧਾਂ ਨੂੰ ਤਬਾਹ ਕਰ ਦਿੱਤਾ ਹੈ। ਉਸ ਨੇ ਭਾਰਤ 'ਤੇ ਅਜਿਹੇ ਦੋਸ਼ ਲਾਏ, ਜਿਸ ਕਾਰਨ ਆਪਸੀ ਵਿਸ਼ਵਾਸ ਟੁੱਟ ਗਿਆ ਅਤੇ ਰਿਸ਼ਤਿਆਂ 'ਚ ਬੇਵਿਸ਼ਵਾਸੀ ਪੈਦਾ ਹੋਈ। ਸੰਜੇ ਵਰਮਾ ਨੇ ਇਹ ਇੰਟਰਵਿਊ ਐਤਵਾਰ ਨੂੰ ਭਾਰਤ ਪਰਤਣ ਤੋਂ ਠੀਕ ਪਹਿਲਾਂ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਟਰੂਡੋ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਕੈਨੇਡੀਅਨ ਸਰਕਾਰ ਵੱਲੋਂ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਨਵੇਂ ਦੋਸ਼ ਲਾਉਣ ਅਤੇ ਇਸ ਵਿੱਚ ਭਾਰਤੀ ਡਿਪਲੋਮੈਟਾਂ ਦੀ ਭੂਮਿਕਾ ਵੱਲ ਧਿਆਨ ਦਿਵਾਉਣ ਤੋਂ ਬਾਅਦ ਭਾਰਤ ਨੇ ਵਰਮਾ ਸਮੇਤ ਆਪਣੇ ਛੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਉਹ ਐਤਵਾਰ ਰਾਤ ਨੂੰ ਭਾਰਤ ਪਰਤ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਪੁਲਸ ਵੱਲੋਂ ਸਿੱਖ ਭਾਈਚਾਰੇ ਲਈ ਮੁੜ ਚਿਤਾਵਨੀ ਜਾਰੀ
ਕੈਨੇਡੀਅਨ ਸਰਕਾਰ ਸਿਆਸਤ ਤਹਿਤ ਲਗਾ ਰਹੀ ਦੋਸ਼ : ਵਰਮਾ
ਪਿਛਲੇ ਸਾਲ ਕੈਨੇਡਾ ਦੇ ਸਰੀ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡਾ ਨੇ ਭਾਰਤ 'ਤੇ ਇਸ ਕਤਲੇਆਮ 'ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਭਾਰਤ ਨੇ ਇਸ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਮੁੱਦੇ 'ਤੇ ਦੋਵੇਂ ਦੇਸ਼ ਆਹਮੋ-ਸਾਹਮਣੇ ਹਨ। ਇਹ ਸਥਿਤੀ ਹਾਲ ਦੀ ਘੜੀ ਉਦੋਂ ਵਿਗੜ ਗਈ, ਜਦੋਂ ਕੈਨੇਡੀਅਨ ਸਰਕਾਰ ਨੇ ਇਸ ਵਿੱਚ ਸੰਜੇ ਵਰਮਾ ਅਤੇ ਹੋਰ ਡਿਪਲੋਮੈਟਾਂ ਦੇ ਨਾਂ ਉਭਾਰੇ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਭਾਰਤ ਦੇ ਸੀਨੀਅਰ ਡਿਪਲੋਮੈਟ ਹਨ। ਕੈਨੇਡਾ ਤੋਂ ਪਰਤਣ ਤੋਂ ਪਹਿਲਾਂ ਵਰਮਾ ਨੇ ਕਿਹਾ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਉਨ੍ਹਾਂ ਦਾ ਨਾਂ ਜੋੜਨਾ ਅਜੀਬ ਗੱਲ ਹੈ। ਇਸ ਦੀ ਕੋਈ ਤੁਕ ਨਹੀਂ, ਇਹ ਸਾਰੇ ਦੋਸ਼ ਘਰੇਲੂ ਸਿਆਸਤ ਲਈ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਨੇਡਾ ਕੋਲ ਸਬੂਤ ਹਨ ਤਾਂ ਪੇਸ਼ ਕੀਤੇ ਜਾਣ। ਕੈਨੇਡੀਅਨ ਸਰਕਾਰ ਜੋ ਵੀ ਕਰ ਰਹੀ ਹੈ ਉਹ ਸਿਰਫ ਸਿਆਸੀ ਲਾਹੇ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।