ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

Friday, Apr 10, 2026 - 06:11 PM (IST)

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

ਇੰਟਰਨੈਸ਼ਨਲ ਡੌਸਕ-: ਕੈਨੇਡਾ ਦੇ ਓਨਟਾਰੀਓ ਸੂਬੇ ਦੇ ਐਲਮਵੇਲ (Elmvale) ਕਸਬੇ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੇ ਸੁਖਵਿੰਦਰ ਕੰਧੋਲਾ ਦੀ ਮਲਕੀਅਤ ਵਾਲੇ ਇੱਕ ਪੈਟਰੋਲ ਪੰਪ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਇਸ ਪੰਪ ਤੋਂ ਤੇਲ ਪੁਆਉਣ ਵਾਲੇ ਗਾਹਕਾਂ ਦੇ ਵਾਹਨਾਂ ਵਿੱਚ ਪੈਟਰੋਲ ਦੀ ਬਜਾਏ ਭਾਰੀ ਮਾਤਰਾ ਵਿੱਚ ਪਾਣੀ ਭਰਿਆ ਗਿਆ, ਜਿਸ ਕਾਰਨ ਲਗਭਗ 18 ਗਾਹਕਾਂ ਦੀਆਂ ਗੱਡੀਆਂ ਕੁਝ ਕਿਲੋਮੀਟਰ ਚੱਲਣ ਤੋਂ ਬਾਅਦ ਹੀ ਰਸਤੇ ਵਿੱਚ ਖਰਾਬ ਹੋ ਗਈਆਂ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਤੇਲ ਵਿੱਚ 50% ਤੋਂ ਵੱਧ ਪਾਣੀ ਮਿਲਾਇਆ ਹੋਇਆ ਸੀ, ਜਿਸ ਕਾਰਨ ਇੰਜਣ 'ਹਾਈਡ੍ਰੌਲਿਕ ਲਾਕ' (Hydraulic Lock) ਹੋ ਗਏ ਅਤੇ ਲੋਕਾਂ ਨੂੰ 4 ਲੱਖ ਰੁਪਏ ਤੱਕ ਦੇ ਮੁਰੰਮਤ ਬਿੱਲਾਂ  ਦਾ ਸਾਹਮਣਾ ਕਰਨਾ ਪਿਆ। 

ਇਹ ਘਟਨਾ ਮਾਰਚ ਦੇ ਅਖੀਰ ਅਤੇ ਅਪ੍ਰੈਲ 2026 ਦੇ ਪਹਿਲੇ ਹਫ਼ਤੇ ਦਰਮਿਆਨ ਕਰਾਸਲੈਂਡਜ਼ ਰੋਡ 'ਤੇ ਸਥਿਤ ਐਸੋ (Esso) ਸਟੇਸ਼ਨ 'ਤੇ ਵਾਪਰੀ। ਜਦੋਂ ਜੇਰੇਮੀ ਨਾਇਡੂ ਅਤੇ ਲਿੰਡਸੇ ਫਿਟਜ਼ਗੇਰਾਲਡ ਵਰਗੇ ਗਾਹਕਾਂ ਦੇ ਵਾਹਨ ਖਰਾਬ ਹੋਏ ਅਤੇ ਮਕੈਨਿਕਾਂ ਨੇ ਬਾਲਣ ਟੈਂਕ ਖੋਲ੍ਹੇ, ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਅੱਧੇ ਤੋਂ ਵੱਧ ਟੈਂਕ ਪਾਣੀ ਨਾਲ ਭਰਿਆ ਹੋਇਆ ਸੀ। ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰੀ ਏਜੰਸੀ ਟੀ.ਐਸ.ਐਸ.ਏ (TSSA) ਨੇ ਤੁਰੰਤ ਕਾਰਵਾਈ ਕਰਦਿਆਂ ਪੰਪ ਨੂੰ ਸੀਲ ਕਰ ਦਿੱਤਾ। ਮੁੱਢਲੀ ਜਾਂਚ ਵਿੱਚ ਭੂਮੀਗਤ ਟੈਂਕਾਂ ਵਿੱਚ ਪਾਣੀ ਦੀ ਲੀਕੇਜ ਹੋਣ ਦਾ ਖੁਲਾਸਾ ਹੋਇਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-  18,51,57,00,000 ਰੁਪਏ ਦਾ ਨੁਕਸਾਨ! ਹੋਰਮੁਜ਼ 'ਚ ਗਾਇਬ ਹੋਇਆ ਅਮਰੀਕਾ ਦਾ ਸਭ ਤੋਂ ਮਹਿੰਗਾ ਡਰੋਨ

ਦੂਜੇ ਪਾਸੇ ਪੰਪ ਮਾਲਕ ਸੁਖਵਿੰਦਰ ਕੰਧੋਲਾ ਨੇ ਇਸ ਪੂਰੀ ਘਟਨਾ ਨੂੰ ਇੱਕ 'ਤਕਨੀਕੀ ਨੁਕਸ' ਦੱਸਦਿਆਂ ਕਿਹਾ ਹੈ ਕਿ ਆਟੋਮੈਟਿਕ ਮਾਨੀਟਰਿੰਗ ਸਿਸਟਮ ਪਾਣੀ ਦਾ ਪਤਾ ਲਗਾਉਣ ਵਿੱਚ ਨਾਕਾਮ ਰਿਹਾ। ਕੰਧੋਲਾ ਨੇ ਪ੍ਰਭਾਵਿਤ ਗਾਹਕਾਂ ਤੋਂ ਮੁਆਫੀ ਮੰਗੀ ਹੈ ਅਤੇ ਬੀਮਾ ਕੰਪਨੀ ਰਾਹੀਂ ਦਾਅਵਿਆਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਮਾਲਕ ਵਿਰੁੱਧ ਕਾਫ਼ੀ ਗੁੱਸਾ ਦੇਖਿਆ ਜਾ ਰਿਹਾ ਹੈ। ਕੰਧੋਲਾ ਨੇ ਕਿਹਾ ਕਿ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਨਫ਼ਰਤ ਭਰੀਆਂ ਟਿੱਪਣੀਆਂ ਅਤੇ ਨਸਲਵਾਦ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹਨ, ਜਦਕਿ ਗਾਹਕਾਂ ਦਾ ਕਹਿਣਾ ਹੈ ਕਿ ਅਸਲ ਪੀੜਤ ਉਹ ਹਨ ਜਿਨ੍ਹਾਂ ਦਾ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News