ਭਾਰਤ ਤੇ ਪਾਕਿ ਸਿੰਧੂ ਜਲ ਸੰਧੀ ''ਤੇ ਇਸ ਹਫਤੇ ਲਾਹੌਰ ''ਚ ਕਰਨਗੇ ਗੱਲਬਾਤ
Monday, Aug 27, 2018 - 06:01 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਵਿਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਪਹਿਲੀ ਵਾਰ ਦੋ-ਪੱਖੀ ਵਾਰਤਾ ਦੇ ਤਹਿਤ ਭਾਰਤ ਅਤੇ ਪਾਕਿਸਤਾਨ ਬੁੱਧਵਾਰ ਨੂੰ ਲਾਹੌਰ ਵਿਚ ਸਿੰਧੂ ਜਲ ਸੰਧੀ ਦੇ ਵੱਖ-ਵੱਖ ਪਹਿਲੂਆਂ 'ਤੇ ਮੁੜ ਗੱਲਬਾਤ ਸ਼ੁਰੂ ਕਰਨਗੇ। ਇਕ ਅੰਗਰੇਜ਼ੀ ਅਖਬਾਰ ਨੇ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਭਾਰਤ ਦੇ ਸਿੰਧੂ ਜਲ ਦੇ ਕਮਿਸ਼ਨਰ ਪੀ.ਕੇ. ਸਕਸੈਨਾ ਦੇ ਬੁੱਧਵਾਰ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਸੈਯਦ ਮੇਹਰ ਅਲੀ ਸ਼ਾਹ ਨਾਲ ਦੋ ਦਿਨੀਂ ਗੱਲਬਾਤ ਲਈ ਅੱਜ ਇੱਥੇ ਪਹੁੰਚਣ ਦੀ ਸੰਭਾਵਨਾ ਹੈ। ਭਾਰਤ-ਪਾਕਿਸਤਾਨ ਦੇ ਸਥਾਈ ਸਿੰਧੂ ਕਮਿਸ਼ਨ ਦੀ ਪਿਛਲੀ ਬੈਠਕ ਮਾਰਚ ਮਹੀਨੇ ਨਵੀਂ ਦਿੱਲੀ ਵਿਚ ਆਯੋਜਿਤ ਕੀਤੀ ਗਈ ਸੀ। ਇਸ ਦੌਰਾਨ ਦੋਹਾਂ ਪੱਖਾਂ ਨੇ ਸਾਲ 1960 ਦੀ ਸਿੰਧੂ ਜਲ ਸੰਧੀ ਦੇ ਤਹਿਤ ਪਾਣੀ ਦੇ ਵਹਾਅ ਅਤੇ ਵਰਤੇ ਜਾਣ ਵਾਲੇ ਪਾਣੀ ਦੀ ਮਾਤਰਾ 'ਤੇ ਵੇਰਵਾ ਸਾਂਝਾ ਕੀਤਾ ਸੀ।
ਇਮਰਾਨ ਖਾਨ ਦੇ 18 ਅਗਸਤ ਨੂੰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਪਹਿਲੀ ਅਧਿਕਾਰਕ ਵਾਰਤਾ ਹੋਵੇਗੀ। ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣਨ 'ਤੇ ਇਮਰਾਨ ਖਾਨ ਨੂੰ ਲਿਖੇ ਪੱਤਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਦੇਸ਼ਾਂ ਵਿਚਕਾਰ ਚੰਗੇ ਗੁਆਂਢੀਆਂ ਦੇ ਸੰਬੰਧ ਬਣਾਉਣ ਦਾ ਭਾਰਤ ਦਾ ਸੰਕਲਪ ਜ਼ਾਹਰ ਕੀਤਾ ਸੀ। ਮੋਦੀ ਨੇ 30 ਜੁਲਾਈ ਨੂੰ ਫੋਨ ਕਰ ਕੇ ਇਮਰਾਨ ਨੂੰ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਜਿੱਤ 'ਤੇ ਵਧਾਈ ਦਿੱਤੀ ਸੀ ਅਤੇ ਉਮੀਦ ਜ਼ਾਹਰ ਕੀਤੀ ਸੀ ਕਿ ਦੋਵੇਂ ਦੇਸ਼ ਦੋ-ਪੱਖੀ ਸੰਬੰਧਾਂ ਵਿਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਲਈ ਕੰਮ ਕਰਨਗੇ।
ਪਾਕਿਸਤਾਨੀ ਪੱਖ 29-30 ਅਗਸਤ ਨੂੰ ਨਿਰਧਾਰਿਤ ਦੋ ਦਿਨੀਂ ਗੱਲਬਾਤ ਦੌਰਾਨ ਭਾਰਤ ਵੱਲੋਂ ਬਣਾਏ ਗਏ ਦੋ ਜਲ ਸਟੋਰੇਜ ਅਤੇ ਪਣ ਬਿਜਲੀ ਪ੍ਰਾਜੈਕਟਾਂ 'ਤੇ ਆਪਣੇ ਇਤਰਾਜ਼ ਦੁਬਾਰਾ ਦਰਜ ਕਰਾ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਚਿਨਾਬ ਨਦੀ 'ਤੇ 1000 ਮੈਗਾਵਾਟ ਪਾਕੁਲ ਡੁਲ ਅਤੇ 48 ਮੈਗਾਵਾਟ ਲੋਅਰ ਕਲਨਈ ਪਣਬਿਜਲੀ ਪ੍ਰਾਜੈਕਟਾਂ 'ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕਰੇਗਾ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਪੱਖ ਸਥਾਈ ਸਿੰਧੂ ਕਮਿਸ਼ਨ 'ਤੇ ਭਵਿੱਖ ਵਿਚ ਹੋਣ ਵਾਲੀਆਂ ਬੈਠਕਾਂ ਦਾ ਪ੍ਰੋਗਰਾਮ ਅਤੇ ਸਿੰਧੂ ਕਮਿਸ਼ਨਰਾਂ ਦੀਆਂ ਟੀਮਾਂ ਦੇ ਦੌਰਿਆਂ ਨੂੰ ਵੀ ਨਿਰਧਾਰਿਕ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਅਤੇ ਭਾਰਤ ਦੇ ਜਲ ਕਮਿਸ਼ਨਰਾਂ ਦੀਆਂ ਸਾਲ ਵਿਚ 2 ਬੈਠਕਾਂ ਹੁੰਦੀਆਂ ਹਨ, ਜਿਨ੍ਹਾਂ ਵਿਚ ਪ੍ਰਾਜੈਕਟ ਸਥਲਾਂ ਦੀਆਂ ਤਕਨੀਕੀ ਯਾਤਰਾਵਾਂ ਦੀ ਵਿਵਸਥਾ ਕਰਨੀ ਹੁੰਦੀ ਹੈ। ਭਾਵੇਂਕਿ ਸਮਾਂ ਬੱਧ ਮੀਟਿੰਗਾਂ ਅਤੇ ਯਾਤਰਾਵਾਂ ਨੂੰ ਲੈ ਕੇ ਪਾਕਿਸਤਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਦਿਨੀਂ ਮੀਟਿੰਗ ਵਿਚ ਨਦੀਆਂ 'ਤੇ ਜਲੀ ਅੰਕੜਿਆਂ ਨੂੰ ਸਮੇਂ 'ਤੇ ਅਤੇ ਸੁਚਾਰੂ ਰੂਪ ਵਿਚ ਸਾਂਝਾ ਕਰਨ ਦੇ ਤਰੀਕਿਆਂ ਅਤੇ ਸਾਧਨਾਂ 'ਤੇ ਵੀ ਚਰਚਾ ਹੋਣ ਦੀ ਉਮੀਦ ਹੈ।