ਭਾਰਤ ਤੇ ਚੀਨ ਨੂੰ ਮੁਕਾਬਲੇਬਾਜ਼ ਨਹੀਂ, ਪਾਰਟਨਰ ਬਣਨਾ ਚਾਹੀਦਾ ਹੈ : ਚੀਨੀ ਵਿਦੇਸ਼ ਮੰਤਰੀ
Monday, Mar 07, 2022 - 07:30 PM (IST)

ਬੀਜਿੰਗ- ਚੀਨ ਨੇ ਅਮਰੀਕਾ ਨੂੰ ਰੱਜ ਕੇ ਝਾੜ ਪਾਈ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੀ ਸਾਲਾਨਾ ਪ੍ਰੈੱਸ ਕਾਨਫੰਰਸ 'ਚ ਕਵਾਡ (quad), ਨਾਟੋ (nato), ਯੂਕ੍ਰੇਨ, ਰੂਸ, ਅਮਰੀਕਾ ਤੇ ਭਾਰਤ ਨਾਲ ਸਬੰਧਾਂ 'ਤੇ ਆਪਣੀ ਗੱਲ ਰੱਖੀ।
ਭਾਰਤ ਮੁਕਾਬਲੇਬਾਜ਼ ਨਹੀਂ ਪਾਰਟਨਰ
ਭਾਰਤ ਨਾਲ ਸਬੰਧਾਂ ਨੂੰ ਲੈ ਕੇ ਵਾਂਗ ਯੀ ਨੇ ਕਿਹਾ ਕਿ ਭਾਰਤ ਤੇ ਚੀਨ ਨੂੰ ਮੁਕਾਬਲੇਬਾਜ਼ਾਂ ਦੀ ਬਜਾਏ ਪਾਰਟਨਰ ਹੋਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਭਾਰਤ-ਚੀਨ ਸਰਹੱਦ 'ਤੇ ਜਾਰੀ ਅੜਿੱਕੇ 'ਤੇ ਕਿਹਾ ਕਿ ਬਾਰਡਰ ਨਾਲ ਜੁੜੇ ਮਾਮਲਿਆਂ ਨਾਲ ਵੱਡੀ ਤਸਵੀਰ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ ਹੈ। ਵਾਂਗ ਯੀ ਨੇ ਕਿਹਾ ਕਿ ਕੁਝ ਤਾਕਤਾਂ ਹਮੇਸ਼ਾ ਤੋਂ ਭਾਰਤ ਤੇ ਚੀਨ ਦਰਮਿਆਨ ਤਣਾਅ ਪੈਦਾ ਕਰਨਾ ਚਾਹੁੰਦੀਆਂ ਹਨ।
ਅਮਰੀਕਾ ਨੂੰ ਪਾਈ ਝਾੜ
ਕਵਾਡ ਨੂੰ ਲੈ ਕੇ ਵਾਂਗ ਯੀ ਨੇ ਕਿਹਾ ਕਿ ਅਮਰੀਕਾ ਦਾ ਹਿੰਦ-ਪ੍ਰਸ਼ਾਂਤ ਮਹਾਸਾਗਰ ਦਾ ਅਸਲ ਟੀਚਾ ਨਾਟੋ ਦਾ ਇੰਡੋ-ਪੈਸਿਫਿਕ ਐਡੀਸ਼ਨ ਸਥਾਪਤ ਕਰਨਾ ਹੈ। ਉਨ੍ਹਾਂ ਦੇ ਮੁਤਾਬਕ ਕਵਾਡ ਤੇ ਆਕਸ ਮਿਲ ਕੇ 5 ਅੱਖਾਂ ਹਨ ਜੋ ਭਿਆਨਕ ਹੈ। ਨਾਲ ਹੀ ਵਾਂਗ ਨੇ ਕਿਹਾ ਕਿ ਚੀਨ ਛੋਟੇ ਘੇਰੇ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਅਮਰੀਕਾ ਨੂੰ ਝਾੜ ਪਾਉਂਦੇ ਹੋਏ ਵਾਂਗ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਸਹਿਯੋਗ ਤੇ ਵਿਕਾਸ ਲਈ ਇਕ ਉਮੀਦ ਵਾਲਾ ਖੇਤਰ ਹੈ, ਇਹ ਕੋਈ ਸ਼ਤਰੰਜ ਦੀ ਬਿਸਾਤ ਨਹੀਂ।
ਯੂਕ੍ਰੇਨ-ਰੂਸ ਜੰਗ 'ਤੇ ਕਿਹਾ
ਯੂਕ੍ਰੇਨ 'ਤੇ ਹਮਲੇ ਦੀ ਨਿੰਦਾ ਕਰਨ ਤੋਂ ਚੀਨ ਦੇ ਲਗਾਤਾਰ ਇਨਕਾਰ ਦਰਮਿਆਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਰੂਸ ਨੂੰ ਬੀਜਿੰਗ ਦਾ 'ਸਭ ਤੋਂ ਮਹੱਤਵਪੂਰਨ ਡਿਪਲੋਮੈਟਿਕ ਸਾਂਝੇਦਾਰ' ਦਸਿਆ। ਵਾਂਗ ਨੇ ਕਿਹਾ ਕਿ ਮਾਸਕੋ ਨਾਲ ਚੀਨ ਦੇ ਰਿਸ਼ਤੇ 'ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੋ ਪੱਖੀ ਸਬੰਧਾਂ 'ਚੋਂ ਇਕ' ਹਨ। ਉਨ੍ਹਾਂ ਕਿਹਾ, 'ਕੌਮਾਂਤਰੀ ਦ੍ਰਿਸ਼ ਕਿੰਨਾ ਵੀ ਖ਼ਤਰਨਾਕ ਕਿਉਂ ਨਾ ਹੋਵੇ, ਪਰ ਅਸੀਂ ਇਸ ਦਾ ਡਿਪਲੋਮੈਟਿਕ ਰੁੱਖ ਬਰਕਰਾਰ ਰੱਖਾਂਗੇ ਤੇ ਨਵੇਂ ਯੁੱਗ 'ਚ ਵਿਆਪਕ ਚੀਨ-ਰੂਸ ਦੀ ਹਿੱਸੇਦਾਰੀ ਦੇ ਵਿਕਾਸ ਨੂੰ ਉਤਸ਼ਾਹਤ ਕਰਦੇ ਰਹਾਂਗੇ। ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਦੋਸਤੀ ਮਜ਼ਬੂਤ ਹੈ।' ਚੀਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਉਸ 'ਤੇ ਅਮਰੀਕਾ, ਯੂਰਪ ਤੇ ਹੋਰ ਦੇਸ਼ਾਂ ਵਲੋਂ ਲਾਈਆਂ ਪਾਬੰਦੀਆਂ ਤੋਂ ਖ਼ੁਦ ਨੂੰ ਅਲਗ ਕਰ ਲਿਆ ਹੈ।
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
