ਆਸਟ੍ਰੇਲੀਆ ''ਚ ਸਭ ਤੋਂ ਵਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ''ਚੋਂ ਪੰਜਾਬੀ 7ਵੇਂ ਨੰਬਰ ''ਤੇ

07/13/2017 3:35:12 AM

ਲੰਡਨ (ਰਾਜਵੀਰ ਸਮਰਾ)— ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਲਈ ਵਰਦੀ ਅੱਗ 'ਚ ਠੰਡੀ ਹਵਾ ਦੇ ਝੋਕੇ ਜਿਹੀ ਖੁਸ਼ਖਬਰੀ ਹੈ ਕਿ ਹਾਲ ਹੀ ਵਿੱਚ ਆਏ ਜਨਗਣਨਾ ਦੇ ਨਤੀਜਿਆਂ ਅਨੁਸਾਰ ਆਸਟ੍ਰੇਲੀਆ 'ਚ ਸਭ ਤੋਂ ਵਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚੋਂ ਪੰਜਾਬੀ ਸੱਤਵੇਂ ਨੰਬਰ 'ਤੇ ਆ ਗਈ ਹੈ, ਜਿਸ ਲਈ ਮਰਦਮਸ਼ੁਮਾਰੀ ਦੀ ਡਾਇਰੈਕਟਰ ਸੂ-ਟੇਲਰ ਨੇ ਸਮੂਹ ਭਾਰਤੀ ਭਾਈਚਾਰੇ ਦੀ ਸ਼ਲਾਘਾ ਕਰਕੇ ਵਧਾਈ ਦਿੰਦਿਆਂ ਕਿਹਾ ਕਿ ਅੱਜ ਤੋਂ ਪੰਜ ਦਹਾਕੇ ਪਹਿਲਾਂ 1966 'ਚ ਹੋਈ ਜਨਗਣਨਾ ਅਨੁਸਾਰ ਆਸਟ੍ਰੇਲੀਆ 'ਚ ਸਿਰਫ 2 ਫੀਸਦੀ ਭਾਰਤੀ ਲੋਕ ਸਨ ਪਰ ਹੁਣ ਭਾਰਤੀਆਂ ਵੱਲੋਂ ਤਾਜ਼ਾ ਜਨਗਣਨਾ 'ਚ ਪਾਇਆ ਯੋਗਦਾਨ ਕਾਬਿਲ-ਏ-ਤਾਰੀਫ ਹੈ।
ਆਸਟ੍ਰੇਲੀਆ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 1,32,499 ਹੈ ਜਿਨਾਂ ਵਿੱਚ ਕਰੀਬ 40 ਫੀਸਦੀ ਇਕੱਲੇ ਵਿਕਟੋਰੀਆ ਵਿੱਚ ਰਹਿੰਦੇ ਹਨ ਅਤੇ ਇਸ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਦਾ ਨੰਬਰ ਆਉਂਦਾ ਹੈ । ਪੰਜਾਬੀ ਬੋਲਣ ਵਾਲਿਆਂ ਦੀ ਔਸਤਨ ਉਮਰ 25 ਤੋਂ 34 ਸਾਲ ਹੈ। ਇਕੱਲੇ ਮੈਲਬੌਰਨ ਵਿੱਚ ਹੀ 1.2 ਫੀਸਦੀ ਲੋਕ ਪੰਜਾਬੀ ਬੋਲਦੇ ਹਨ, ਜਿਸ ਨਾਲ ਪੰਜਾਬੀ ਇੱਥੋਂ ਦੀ ਹਰਮਨ ਪਿਆਰੀ ਭਾਸ਼ਾ ਬਣ ਗਈ ਹੈ। ਉਕਤ ਅੰਕੜੇ ਸਾਹਮਣੇ ਆਉਣ ਨਾਲ ਪੰਜਾਬੀ ਪਿਆਰਿਆਂ ਦੇ ਚਿਹਰਿਆਂ 'ਤੇ ਆਈ ਰੌਣਕ ਸਾਫ ਝਲਕਦੀ ਹੈ । ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ. ਹਰਮੀਤ ਸਿੰਘ ਭਕਨਾ ਡਾਇਰੈਕਟਰ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਨੇ ਸਮੂਹ ਆਸਟ੍ਰੇਲੀਅਨ ਪੰਜਾਬੀਆਂ ਵੱਲੋਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਬਿਗਾਨੇ ਦੇਸ਼ਾਂ ਵਿੱਚ ਬਹੁਤ ਮਾਨ ਸਤਿਕਾਰ ਮਿਲ ਰਿਹਾ ਹੈ, ਜੋ ਪੰਜਾਬੀਅਤ ਲਈ ਮਾਣ ਦੀ ਗੱਲ ਹੈ ਅਤੇ ਦੁਨਿਆ ਦੇ ਸਾਰੇ ਪ੍ਰਮੁੱਖ ਦੇਸ਼ਾਂ ਕੈਨੇਡਾ, ਅਮਰੀਕਾ, ਨਿਊਜੀਲੈਂਡ, ਯੂਰੋਪ ਅਤੇ ਯੂ.ਕੇ. ਵਿੱਚ ਪੰਜਾਬੀ ਬੋਲੀ ਦੀ ਹਰਮਨ ਪਿਆਰਤਾ ਦਿਨੋਂ-ਦਿਨ ਵੱਧ ਰਹੀ ਹੈ ਅਤੇ ਗੈਰ ਪੰਜਾਬੀ ਵੀ ਪੰਜਾਬੀ ਗਾਣਿਆ, ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਜਾਣ ਲਈ ਪੰਜਾਬੀ ਸਿੱਖ ਰਹੇ ਹਨ। ਜਦਕਿ ਦੂਜੇ ਪਾਸੇ ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਆਪਣੀ ਮੂਲ ਧਰਤੀ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨਾਲ ਮਤਰੇਇਆ ਵਾਲਾ ਸਕੂਲ ਹੋ ਰਿਹਾ ਹੈ, ਸਕੂਲ ਵਿੱਚ ਪੰਜਾਬੀ ਬੋਲਣ 'ਤੇ ਬੱਚਿਆਂ ਨੂੰ ਜ਼ੁਰਮਾਨੇ ਹੋ ਰਹੇ ਹਨ ਅਤੇ ਮਾਪੇ, ਅਧਿਆਪਕ ਤੇ ਸਕੂਲ ਪ੍ਰਬੰਧਕਾਂ ਐਨੇ ਹੇਠਲੇ ਪੱਧਰ 'ਤੇ ਗਿਰ ਚੁੱਕੇ ਹਨ ਕਿ ਆਪਣੀ ਮਾਂ ਬੋਲੀ ਨੂੰ ਬੇਦਾਵਾ ਲਿਖ ਕੇ ਗੈਰ ਬੋਲੀ ਬੋਲਣ 'ਚ ਮਾਣ ਮਹਿਸੂਸ ਕਰਦੇ ਹਨ। ਦੂਜੇ ਪਾਸੇ ਰਹਿੰਦੀ ਕਸਰ ਪੰਜਾਬ ਸਰਕਾਰ ਦੀ ਹਿੰਦੀ ਬੋਲਣ ਵਾਲੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਭਾਸ਼ਾ ਨੂੰ ਲਾਜ਼ਮੀ ਕਰਕੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੀ ਮਾਨਸਿਕਤਾ ਦਾ ਸਬੂਤ ਦੇ ਦਿੱਤਾ ਹੈ ।
ਸ. ਭਕਨਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ ਪੂਰੇ ਬ੍ਰਿਟੇਨ ਵਿੱਚ ਪੰਜਾਬੀ ਮਾਂ ਬੋਲੀ ਦੇ ਵਿਕਾਸ ਅਤੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਲਈ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਲੋਕਾਂ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਲਗਾਅ ਦਾ ਹੀ ਨਤੀਜਾ ਹੈ ਕਿ ਅਕਤੂਬਰ ਵਿੱਚ ਬੀ.ਬੀ.ਸੀ. ਨਿਊਜ਼ ਏਜੰਸੀ ਆਪਣੀ ਆਨਲਾਈਨ ਸੇਵਾ ਵਿੱਚ ਪੰਜਾਬੀ ਨੂੰ ਸ਼ਾਮਲ ਕਰਨ ਜਾ ਰਹੀ ਹੈ । ਉਨ੍ਹਾਂ ਸਮੂਹ ਪੰਜਾਬੀਆਂ ਨੂੰ ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ ਨੂੰ ਮਿਲੇ ਮਾਣ 'ਤੇ ਵਧਾਈਆਂ ਦਿੰਦਿਆਂ ਕਿਹਾ ਕਿ ਬਹੁਤ ਜਲਦ ਯੂ.ਕੇ. ਵਿੱਚ ਵੀ ਪੰਜਾਬੀ ਨੂੰ ਪਹਿਲੀਆਂ ਪੰਜ ਪ੍ਰਮੁੱਖ ਭਾਸ਼ਾਵਾਂ ਵਿੱਚ ਸ਼ਾਮਲ ਕਰਵਾਉਣ ਲਈ ਸਮੂਹ ਪੰਜਾਬੀਆਂ ਨੂ ੰਇੱਕਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ ।


Related News