ਬੰਗਲਾਦੇਸ਼ 'ਚ ਮੁਹੰਮਦ ਯੂਨਸ ਨੇ ਸੰਭਾਲਿਆ ਅਹੁਦਾ, ਸ਼ਾਂਤੀ ਬਹਾਲੀ ਮੁੱਖ ਜ਼ਿੰਮੇਵਾਰੀ

Friday, Aug 09, 2024 - 11:36 AM (IST)

ਬੰਗਲਾਦੇਸ਼ 'ਚ ਮੁਹੰਮਦ ਯੂਨਸ ਨੇ ਸੰਭਾਲਿਆ ਅਹੁਦਾ, ਸ਼ਾਂਤੀ ਬਹਾਲੀ ਮੁੱਖ ਜ਼ਿੰਮੇਵਾਰੀ

ਢਾਕਾ (ਏਜੰਸੀ): ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਵੀਰਵਾਰ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕੀ। ਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਪ੍ਰਣਾਲੀ ਖਿਲਾਫ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਕਾਰ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਦਿੱਤਾ ਸੀ। ਬੰਗਲਾਦੇਸ਼ ਵਿੱਚ ਹਫੜਾ-ਦਫੜੀ ਦੇ ਮਾਹੌਲ ਦਰਮਿਆਨ ਯੂਨਸ ਨੇ ਦੇਸ਼ ਦੀ ਵਾਗਡੋਰ ਸੰਭਾਲ ਲਈ ਹੈ ਅਤੇ ਮੌਜੂਦਾ ਸਮੇਂ ਵਿੱਚ ਉਨ੍ਹਾਂ ਕੋਲ ਦੇਸ਼ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਹੈ। 

ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਮੁੱਖ ਸਲਾਹਕਾਰ ਦੇ ਰੂਪ 'ਚ ਚੁਕਾਈ ਸਹੁੰ 

ਯੂਨਸ (84) ਨੂੰ ਰਾਸ਼ਟਰਪਤੀ ਭਵਨ 'ਬੰਗਾ ਭਵਨ' 'ਚ ਆਯੋਜਿਤ ਇਕ ਸਮਾਰੋਹ 'ਚ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਮੁੱਖ ਸਲਾਹਕਾਰ ਦੇ ਰੂਪ 'ਚ ਸਹੁੰ ਚੁਕਾਈ ਜੋ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਅਹੁਦਾ ਹੈ। ਸਮਾਗਮ ਵਿੱਚ ਸਿਆਸੀ ਪਾਰਟੀਆਂ ਦੇ ਆਗੂ, ਜੱਜ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ, ਤਿੰਨਾਂ ਸੈਨਾਵਾਂ ਦੇ ਮੁਖੀ, ਪੁਲਸ ਇੰਸਪੈਕਟਰ ਜਨਰਲ, ਸੀਨੀਅਰ ਫੌਜੀ ਅਤੇ ਨਾਗਰਿਕ ਅਧਿਕਾਰੀ, ਕੂਟਨੀਤਕ, ਸੁਤੰਤਰਤਾ ਸੈਨਾਨੀ, ਸੀਨੀਅਰ ਪੱਤਰਕਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਦੌਰਾਨ ਹਸੀਨਾ ਦੀ ਪਾਰਟੀ ਦਾ ਕੋਈ ਪ੍ਰਤੀਨਿਧੀ ਮੌਜੂਦ ਨਹੀਂ ਸੀ। ਅੰਤਰਿਮ ਮੰਤਰੀ ਮੰਡਲ ਦੇ 16 ਹੋਰ ਮੈਂਬਰ ਮੁੱਖ ਤੌਰ 'ਤੇ ਸਿਵਲ ਸੁਸਾਇਟੀ ਦੇ ਲੋਕ ਹਨ ਅਤੇ ਇਸ ਵਿਚ ਵਿਦਿਆਰਥੀ ਅੰਦੋਲਨ ਦੇ ਦੋ ਆਗੂ ਵੀ ਸ਼ਾਮਲ ਹਨ। ਵਿਦਿਆਰਥੀ ਆਗੂਆਂ, ਸਿਵਲ ਸੋਸਾਇਟੀ ਦੇ ਨੁਮਾਇੰਦਿਆਂ ਅਤੇ ਫੌਜ ਦੇ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਕੈਬਨਿਟ ਮੈਂਬਰਾਂ ਦੀ ਚੋਣ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨਸ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਰ ਕੀਤੀ ਕਿ ਦੇਸ਼ ਵਿੱਚ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ ਅਤੇ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਸਹੁੰ ਚੁੱਕਣ ਤੋਂ ਪਹਿਲਾਂ ਯੂਨਸ ਬੋਲੇ, ਸਰਕਾਰ ਬੰਗਲਾਦੇਸ਼ ਦੇ ਲੋਕਾਂ ਦੀ ਸੁਰੱਖਿਆ ਨੂੰ ਬਣਾਏਗੀ ਯਕੀਨੀ 

ਹਸੀਨਾ ਦੇ ਅਸਤੀਫੇ ਨੂੰ ਦੱਸਿਆ ਦੇਸ਼ ਦਾ "ਦੂਜਾ ਮੁਕਤੀ ਦਿਵਸ"

ਯੂਨਸ ਓਲੰਪਿਕ ਖੇਡਾਂ ਲਈ ਪੈਰਿਸ ਗਿਆ ਸੀ। ਆਪਣੇ ਪਹੁੰਚਣ ਤੋਂ ਬਾਅਦ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ, ਯੂਨਸ ਨੇ ਬੰਗਲਾਦੇਸ਼ ਵਿੱਚ ਸੱਤਾ ਤਬਦੀਲੀ ਨੂੰ "ਦੂਜੀ ਆਜ਼ਾਦੀ" ਦੱਸਿਆ। ਇੱਕ ਅਰਥਸ਼ਾਸਤਰੀ ਅਤੇ ਪੇਸ਼ੇ ਤੋਂ ਬੈਂਕਰ ਯੂਨਸ ਨੂੰ ਗਰੀਬ ਲੋਕਾਂ, ਖਾਸ ਕਰਕੇ ਔਰਤਾਂ ਦੀ ਮਦਦ ਲਈ ਮਾਈਕ੍ਰੋਕ੍ਰੈਡਿਟ ਦੀ ਵਰਤੋਂ ਵਿੱਚ ਮੋਹਰੀ ਭੂਮਿਕਾ ਲਈ 2006 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਯੂਨਸ ਨੂੰ "ਸਭ ਤੋਂ ਗਰੀਬ ਲੋਕਾਂ ਦਾ ਸ਼ਾਹੂਕਾਰ" ਵੀ ਕਿਹਾ ਜਾਂਦਾ ਹੈ। ਇਸ ਨੂੰ ਲੈ ਕੇ ਉਸ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਇਕ ਵਾਰ ਹਸੀਨਾ ਨੇ ਯੂਨਸ ਨੂੰ "ਖੂਨ ਚੂਸਣ ਵਾਲਾ" ਕਿਹਾ ਸੀ। ਯੂਨਸ ਨੇ 1983 ਵਿੱਚ ਉਨ੍ਹਾਂ ਉੱਦਮੀਆਂ ਨੂੰ ਛੋਟੇ ਕਰਜ਼ੇ ਪ੍ਰਦਾਨ ਕਰਨ ਲਈ ਗ੍ਰਾਮੀਣ ਬੈਂਕ ਦੀ ਸਥਾਪਨਾ ਕੀਤੀ ਜੋ ਆਮ ਤੌਰ 'ਤੇ ਉਨ੍ਹਾਂ ਲਈ ਯੋਗ ਨਹੀਂ ਹੁੰਦੇ। ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਿੱਚ ਬੈਂਕ ਦੀ ਸਫਲਤਾ ਨੇ ਦੂਜੇ ਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਦੇ ਮਾਈਕ੍ਰੋਫਾਈਨੈਂਸਿੰਗ ਯਤਨਾਂ ਨੂੰ ਉਤਸ਼ਾਹਿਤ ਕੀਤਾ। ਉਸ ਨੂੰ ਹਸੀਨਾ ਦਾ ਕੱਟੜ ਆਲੋਚਕ ਅਤੇ ਵਿਰੋਧੀ ਮੰਨਿਆ ਜਾਂਦਾ ਹੈ। ਉਸਨੇ ਹਸੀਨਾ ਦੇ ਅਸਤੀਫੇ ਨੂੰ ਦੇਸ਼ ਦਾ "ਦੂਜਾ ਮੁਕਤੀ ਦਿਵਸ" ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News