ਬੰਗਲਾਦੇਸ਼ ਨੇ ਹਸੀਨਾ ਦੇ ਬਿਆਨ ਛਾਪਣ ’ਤੇ ਲਾਈ ਰੋਕ, ਸਾਬਕਾ ਪ੍ਰਧਾਨ ਮੰਤਰੀ ਨੂੰ ਭਗੌੜੀ ਐਲਾਨਿਆ
Tuesday, Nov 18, 2025 - 10:17 PM (IST)
ਢਾਕਾ- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦੇਸ਼ ਦੇ ਸਾਰੇ ਮੀਡੀਆ ਅਦਾਰਿਆਂ (ਪ੍ਰਿੰਟ, ਟੀ. ਵੀ. ਅਤੇ ਆਨਲਾਈਨ) ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਬਿਆਨ ਨਾ ਤਾਂ ਛਾਪੇ ਜਾਣ ਤੇ ਨਾ ਹੀ ਆਨਲਾਈਨ ਚਲਾਏ ਜਾਣ। ਸਰਕਾਰ ਨੇ ਇਸ ਦੇ ਪਿੱਛੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੱਤਾ ਹੈ।
ਰਾਸ਼ਟਰੀ ਸਾਈਬਰ ਸੁਰੱਖਿਆ ਏਜੰਸੀ (ਐੱਨ. ਸੀ. ਐੱਸ. ਏ.) ਨੇ ਸੋਮਵਾਰ ਨੂੰ ਇਕ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਕਿਹਾ ਕਿ ਸ਼ੇਖ ਹਸੀਨਾ ਨੂੰ ਹੁਣ ਦੋਸ਼ੀ ਅਤੇ ਭਗੌੜੀ ਐਲਾਨਿਆ ਜਾ ਚੁੱਕਾ ਹੈ। ਪ੍ਰੈੱਸ ਰਿਲੀਜ਼ ਅਨੁਸਾਰ ਉਸ ਦੇ ਬਿਆਨਾਂ ਨਾਲ ਹਿੰਸਾ ਭੜਕ ਸਕਦੀ ਹੈ, ਅਸ਼ਾਂਤੀ ਫੈਲ ਸਕਦੀ ਹੈ ਅਤੇ ਦੇਸ਼ ਵਿਚ ਸਮਾਜਿਕ ਸਦਭਾਵਨਾ ਭੰਗ ਹੋ ਸਕਦੀ ਹੈ।
ਬੰਗਲਾਦੇਸ਼ ਦੀ ਪਾਬੰਦੀਸ਼ੁਦਾ ਪਾਰਟੀ ਆਵਾਮੀ ਲੀਗ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੋਧ ਵਿਚ ਅੱਜ ਦੇਸ਼ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਆਵਾਮੀ ਲੀਗ ਨੇ ਢਾਕਾ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ਆਈ. ਸੀ. ਟੀ.) ਦੇ ਫੈਸਲੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
