ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ ਪਾਕਿਸਤਾਨ ਸਰਕਾਰ ਦੀ ਅੱਤਵਾਦ ਨੀਤੀ ਦਾ ਕੀਤਾ ਪਰਦਾਫਾਸ਼

Thursday, Nov 20, 2025 - 02:23 PM (IST)

ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਨੇ ਪਾਕਿਸਤਾਨ ਸਰਕਾਰ ਦੀ ਅੱਤਵਾਦ ਨੀਤੀ ਦਾ ਕੀਤਾ ਪਰਦਾਫਾਸ਼

ਗੁਰਦਾਸਪੁਰ/ਖੈਬਰ ਪਖਤੂਨਖਵਾ (ਵਿਨੋਦ)- ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਪਾਕਿਸਤਾਨ ਸਰਕਾਰ ਦੀ ਅੱਤਵਾਦ ਨੀਤੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਫਰਜ਼ੀ ਅੱਤਵਾਦੀ ਹਮਲਿਆਂ ਤੋਂ ਸਰਕਾਰ ਨੂੰ ਫਾਇਦਾ ਹੁੰਦਾ ਹੈ। ਅਫਰੀਦੀ ਨੇ ਇਸਲਾਮਾਬਾਦ ’ਤੇ ਅੱਤਵਾਦੀ ਹਮਲੇ ਭੜਕਾਉਣ ਦਾ ਦੋਸ਼ ਲਗਾਇਆ, ਜੋ ਕਿ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਸ਼ਾਂਤੀ ਵੱਲ ਵਧਣ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਪਾ ਰਿਹਾ ਹੈ। ਉਸ ਨੇ ਇਸਲਾਮਾਬਾਦ ’ਤੇ ਆਪਣੇ ਰਾਜਨੀਤਕ ਏਜੰਡੇ ਲਈ ਅੱਤਵਾਦ ਨੂੰ ਉਭਾਰਨ ਦਾ ਦੋਸ਼ ਲਗਾਇਆ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਉਨ੍ਹਾਂ ਦਾ ਬਿਆਨ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰ-ਪੱਛਮੀ ਸੂਬੇ ਵਿਚ ਹਿੰਸਾ ’ਚ ਵਾਧੇ ਦੇ ਵਿਚਕਾਰ ਆਇਆ ਹੈ। ਅਫਰੀਦੀ ਨੇ ਦੋਸ਼ ਲਗਾਇਆ ਕਿ ਸੰਘੀ ਪ੍ਰਣਾਲੀ ਦੇ ਅੰਦਰ ਕੁਝ ਸ਼ਕਤੀਸ਼ਾਲੀ ਧੜੇ ਇਸ ਅਸਥਿਰਤਾ ਦਾ ਫਾਇਦਾ ਉਠਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿਚ ਪਸ਼ਤੂਨ ਤਹਾਫੁਜ਼ ਮੂਵਮੈਂਟ (ਪੀ. ਟੀ. ਐੱਮ) ਦੇ ਮੈਂਬਰਾਂ ਨੂੰ ਅਗਵਾ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਮਾਨਸਿਕਤਾ ਨੇ 71 ਸਾਲਾਂ ਤੱਕ ਪਾਕਿਸਤਾਨ ’ਤੇ ਰਾਜ ਕੀਤਾ ਅਤੇ ਜੋ ਕਦੇ ਵੀ ਖੈਬਰ ਪਖਤੂਨਖਵਾ ਵਿਚ ਸ਼ਾਂਤੀ ਨਹੀਂ ਚਾਹੁੰਦੇ, ਉਨ੍ਹਾਂ ਨੇ ਸਾਡੇ ਮਹਿਮਾਨਾਂ ਨੂੰ ਅਗਵਾ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਅੱਤਵਾਦ ਪੂਰੀ ਤਰ੍ਹਾਂ ਮਨਘੜਤ ਹੈ। ਉਹ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਨਹੀਂ, ਸਗੋਂ ਆਪਣੇ ਹਿੱਤਾਂ ਅਨੁਸਾਰ ਸ਼ਾਂਤੀ ਨਾਲ ਛੇੜਛਾੜ ਕਰਦੇ ਹਨ। ਮੁੱਖ ਮੰਤਰੀ ਅਫਰੀਦੀ ਨੇ ਕਿਹਾ ਕਿ ਖੈਬਰ ਪਖਤੂਨਖਵਾ ਦੇ ਲੋਕ ਮਨਘੜਤ ਅੱਤਵਾਦ ਤੋਂ ਤੰਗ ਆ ਚੁੱਕੇ ਹਨ।


author

cherry

Content Editor

Related News