ਕੋਰੋਨਾ ਨਾਲ ਨਜਿੱਠਣ ''ਚ ਇਮਰਾਨ ਸਰਕਾਰ ਫੇਲ, ਪਾਕਿ SC ਨੇ ਕੀਤੀ ਗੰਭੀਰ ਟਿੱਪਣੀ

04/13/2020 7:47:26 PM

ਇਸਲਾਮਾਬਾਦ (ਏਜੰਸੀਆਂ)- ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਕੋਰੋਨਾ ਮਹਾਮਾਰੀ ਨੂੰ ਬਹੁਤ ਹੀ ਲਾਪਰਵਾਹੀ ਨਾਲ ਲੈਣ ਦੇ ਦੋਸ਼ਾਂ ਨਾਲ ਘਿਰੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਾਰਾ ਝਟਕਾ ਲੱਗਾ ਹੈ। ਮਾਮਲੇ 'ਤੇ ਖੁਦ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੇ ਮਹਾਮਾਰੀ ਨਾਲ ਨਜਿੱਠਣ ਵਿਚ ਇਮਰਾਨ ਕੈਬਨਿਟ ਨੂੰ ਨਾ ਸਿਰਫ ਬਿਨਾਂ ਪ੍ਰਭਾਵੀ ਕਰਾਰ ਦਿੱਤਾ, ਸਗੋਂ ਪੀ.ਐਮ. ਦੇ ਵਿਸ਼ੇਸ਼ ਸਲਾਹਕਾਰ ਜਫਰ ਮਿਰਜ਼ਾ ਨੂੰ ਹਟਾਉਣ ਦਾ ਹੁਕਮ ਵੀ ਸੁਣਾ ਦਿੱਤਾ। ਖਾਸ ਗੱਲ ਇਹ ਹੈ ਕਿ ਲਿਖਤੀ ਹੁਕਮ ਵਿਚ ਚੀਫ ਜਸਟਿਸ ਨੇ ਮਿਰਜ਼ਾ ਨੂੰ ਹਟਾਉਣ ਦਾ ਕੋਈ ਜ਼ਿਕਰ ਨਹੀਂ ਕੀਤਾ। ਜ਼ਫਰ ਮਿਰਜ਼ਾ ਹੀ ਪਾਕਿਸਤਾਨ ਵਿਚ ਕੋਰੋਨਾ ਸੰਕਟ ਦਾ ਪੂਰਾ ਮਾਮਲਾ ਦੇਖ ਰਹੇ ਸਨ। ਦੇਸ਼ ਵਿਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 5 ਹਜ਼ਾਰ ਤੋਂ ਜ਼ਿਆਦਾ ਹੈ ਅਤੇ 93 ਲੋਕ ਜਾਨ ਗੁਆ ਚੁੱਕੇ ਹਨ।

ਮਾਮਲੇ ਦੀ ਸੁਣਵਾਈ ਦੌਰਾਨ ਪੰਜ ਜੱਜਾਂ ਦੀ ਬੈਂਚ ਦੀ ਅਗਵਾਈ ਕਰਦੇ ਹੋਏ ਮੁੱਖ ਜੱਜ ਨੇ ਮਿਰਜ਼ਾ ਵਲੋਂ ਕੀਤੇ ਗਏ ਕੰਮਾਂ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਦੀ ਟੀਮ 'ਤੇ ਕੁਝ ਗੰਭੀਰ ਦੋਸ਼ ਹਨ। ਸਰਕਾਰ ਸਿਰਫ ਅਦਾਲਤ ਨੂੰ ਬੀਮਾਰ ਮਰੀਜ਼ਾਂ ਦੀ ਗਿਣਤੀ ਦੱਸ ਰਹੀ ਹੈ। ਆਖਿਰ ਇਹ ਕਦੋਂ ਇਨਫੈਕਸ਼ਨ ਨੂੰ ਰੋਕਣ ਲਈ ਕਾਰਗਰ ਕਦਮ ਚੁੱਕੇਗੀ ਜਦੋਂ ਕਿ ਹੋਰ ਦੇਸ਼ ਇਸ ਮਹਾਮਾਰੀ ਨਾਲ ਨਜਿੱਠਣ ਲਈ ਸਖ਼ਤ ਕਦਮ ਬਹੁਤ ਪਹਿਲਾਂ ਹੀ ਚੁੱਕ ਰਹੇ ਹਨ। ਸਰਕਾਰ ਕੋਲ ਰੈਲੀਆਂ ਕਰਨ ਤੋਂ ਇਲਾਵਾ ਵੀ ਕੰਮ ਹੁੰਦੇ ਹਨ।

ਚੀਫ ਜਸਟਿਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਤਰੀਮੰਡਲ ਮਹਾਮਾਰੀ ਨਾਲ ਨਜਿੱਠਣ ਵਿਚ ਘੱਟ ਪ੍ਰਭਾਵੀ ਦਿਖਾਈ ਦੇ ਰਿਹਾ ਹੈ। ਸਰਕਾਰ ਵਿਚ ਸਲਾਹਕਾਰ ਦੇ ਤੌਰ 'ਤੇ ਭ੍ਰਿਸ਼ਟ ਲੋਕਾਂ ਨੂੰ ਰੱਖਿਆ ਗਿਆ ਹੈ। ਹਾਲਤ ਇਹ ਹੈ ਕਿ ਦੇਸ਼ ਦੇ ਸਾਰੇ ਸੂਬੇ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਹਨ। ਸੁਣਵਾਈ 20 ਅਪ੍ਰੈਲ ਤੱਕ ਮੁਲਤਵੀ ਕਰਦੇ ਹੋਏ ਮੁੱਖ ਜੱਜ ਨੇ ਕਿਹਾ ਕਿ ਉਹ ਪੂਰੀ ਗੰਭੀਰਤਾ ਨਾਲ ਇਹ ਟਿੱਪਣੀਆਂ ਕਰ ਰਹੇ ਹਨ। ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਇਨਫੈਕਸ਼ਨ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਵੀ ਤਲਬ ਕੀਤਾ ਹੈ।

ਅਟਾਰਨੀ ਜਨਰਲ ਖਾਲਿਦ ਜਾਵੇਦ ਖਾਨ ਨੇ ਕਿਹਾ ਹੈ ਕਿ ਚੋਟੀ ਦੀ ਅਦਾਲਤ ਵਲੋਂ ਮਿਰਜ਼ਾ ਨੂੰ ਹਟਾਉਣ ਦੇ ਸਬੰਧ ਵਿਚ ਕੀਤੀਆਂ ਗਈਆਂ ਟਿੱਪਣੀਆਂ ਮਹਾਮਾਰੀ ਨਾਲ ਨਜਿੱਠਣ ਵਿਚ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਹੀ ਪਹੁੰਚਾਏਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਮਾਰੀ ਸਿਖਰ 'ਤੇ ਹੈ, ਅਜਿਹੇ ਸਮੇਂ ਪੀ.ਐਮ. ਦੇ ਵਿਸ਼ੇਸ਼ ਸਲਾਹਕਾਰ ਨੂੰ ਹਟਾਉਣਾ ਖਤਰਨਾਕ ਹੋਵੇਗਾ। ਪਾਕਿਸਤਾਨ ਦੇ ਪੰਜਾਬ ਸੂਬੇ ਦੇ 20 ਤੋਂ ਜ਼ਿਆਦਾ ਡਾਕਟਰ ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਨਿਕਲੇ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਇਨਫੈਕਟਿਡ ਡਾਕਟਰਾਂ ਦੀ ਗਿਣਤੀ 50 ਹੋ ਗਈ ਹੈ। ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਮੁਤਾਬਕ ਅਜੇ ਤੱਕ 100 ਤੋਂ ਜ਼ਿਆਦਾ ਡਾਕਟਰ, ਨਰਸ ਅਤੇ ਪੈਰਾਮੈਡੀਕਲ ਸਟਾਫ ਇਨਫੈਕਸ਼ਨ ਦੇ ਦਾਇਰੇ ਵਿਚ ਆ ਚੁੱਕੇ ਹਨ।

ਪਾਕਿਸਤਾਨ ਵਿਚ ਭਾਵੇਂ ਹੀ ਲੌਕਡਾਉਨ ਐਲਾਨ ਹੋਵੇ, ਪਰ ਮਸਜਿਦਾਂ ਵਿਚ ਨਮਾਜ਼ੀਆਂ ਦੇ ਇਕੱਠੇ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮਸਜਿਦ ਵਿਚ ਨਮਾਜ਼ ਪੜ੍ਹਣ ਵਾਲੇ 52 ਸਾਲਾ ਸਬੀਰ ਦੁਰਾਨੀ ਨੇ ਕਿਹਾ ਕਿ ਇਮਾਮ ਸਾਬ੍ਹ੍ ਦਾ ਕਹਿਣਾ ਹੈ ਕਿ ਇਹ ਵਾਇਰਸ ਸਾਡਾ ਕੁਝ ਨਹੀਂ ਵਿਗਾੜ ਸਕਦਾ। ਅਸੀਂ ਨਮਾਜ਼ ਪੜ੍ਹਣ ਤੋਂ ਪਹਿਲਾਂ ਪੰਜ ਵਾਰ ਹੱਥ ਅਤੇ ਚੇਹਰਾ ਧੋਂਦੇ ਹਾਂ ਜਦੋਂ ਕਿ ਕਾਫਿਰ ਅਜਿਹਾ ਨਹੀਂ ਕਰਦੇ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਅੱਲਾਹ ਸਾਡੇ ਨਾਲ ਹੈ। 


Sunny Mehra

Content Editor

Related News