ਪਾਕਿਸਤਾਨ : ਇਮਰਾਨ ਖਾਨ ਨੇ ਟੀਪੂ ਸੁਲਤਾਨ ਨੂੰ ਦਿੱਤੀ ਸ਼ਰਧਾਂਜਲੀ

Sunday, May 05, 2019 - 02:30 PM (IST)

ਪਾਕਿਸਤਾਨ : ਇਮਰਾਨ ਖਾਨ ਨੇ ਟੀਪੂ ਸੁਲਤਾਨ ਨੂੰ ਦਿੱਤੀ ਸ਼ਰਧਾਂਜਲੀ

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ 'ਨੌਕਰਾਂ ਦੀ ਜ਼ਿੰਦਗੀ ਜਿਊਣ' ਦੀ ਥਾਂ ਸੁਤੰਤਰਤਾ ਲਈ ਮਰਨਾ ਪਸੰਦ ਕਰਨ ਵਾਲੇ ਵਿਚਾਰ ਦੀ ਪ੍ਰਸ਼ੰਸਾ ਕੀਤੀ। 

ਖਾਨ ਨੇ ਟਵਿੱਟਰ 'ਤੇ ਟੀਪੂ ਦੀ ਸਿਫਤ ਕੀਤੀ, ਜਿਨ੍ਹਾਂ ਨੂੰ 'ਮੈਸੂਰ ਦਾ ਸ਼ੇਰ' ਵੀ ਕਿਹਾ ਜਾਂਦਾ ਹੈ। ਖਾਨ ਨੇ ਟਵੀਟ ਕੀਤਾ ਕਿ 4 ਮਈ ਨੂੰ ਟੀਪੂ ਸੁਲਤਾਨ ਦੀ ਬਰਸੀ ਹੈ- ਇਕ ਵਿਅਕਤੀ ਜਿਸ ਨੂੰ ਮੈਂ ਇਸ ਲਈ ਪਸੰਦ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਗੁਲਾਮੀ ਦਾ ਜੀਵਨ ਜਿਊਣ ਦੀ ਥਾਂ ਸੁਤੰਤਰਤਾ ਪਸੰਦ ਕੀਤੀ ਅਤੇ ਇਸ ਦੇ ਲਈ ਉਨ੍ਹਾਂ ਨੇ ਜਾਨ ਵੀ ਗੁਆ ਲਈ।

PunjabKesari

ਇਹ ਪਹਿਲੀ ਵਾਰ ਨਹੀਂ ਹੈ ਕਿ ਖਾਨ ਨੇ ਟੀਪੂ ਦੀ ਸਿਫਤ ਕੀਤੀ। ਇਸ ਤੋਂ ਪਹਿਲਾਂ ਫਰਵਰੀ 'ਚ ਪੁਲਵਾਮਾ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਬੁਲਾਏ ਗਏ ਸੰਸਦ ਦੇ ਸਾਂਝੇ ਸੈਸ਼ਨ 'ਚ ਵੀ ਖਾਨ ਨੇ ਟੀਪੂ ਦੀ ਬਹਾਦਰੀ ਦੀ ਸਿਫਤ ਕੀਤੀ ਸੀ। ਟੀਪੂ ਚੌਥੇ ਐਂਗਲੋ-ਮੈਸੂਰ ਯੁੱਧ 'ਚ ਬਹਾਦਰੀ ਨਾਲ ਲੜੇ ਸਨ ਪਰ ਸ਼੍ਰੀਰੰਗਪਟਨਮ ਦੀ ਘੇਰਾਬੰਦੀ 'ਚ ਜਾਨ ਗੁਆ ਬੈਠੇ। ਫਰਾਂਸ ਦੇ ਫੌਜੀ ਸਲਾਹਕਾਰਾਂ ਨੇ ਗੁਪਤ ਰਸਤੇ ਰਾਹੀਂ ਉਨ੍ਹਾਂ ਨੂੰ ਬਚਣ ਦੀ ਸਲਾਹ ਦਿੱਤੀ ਸੀ ਪਰ ਉਨ੍ਹਾਂ ਨੇ ਜਵਾਬ ਦਿੱਤਾ,''ਹਜ਼ਾਰਾਂ ਸਾਲ ਮੇਮਣੇ ਦੀ ਤਰ੍ਹਾਂ ਜਿਊਣ ਦੀ ਥਾਂ ਇਕ ਦਿਨ ਸ਼ੇਰ ਵਾਂਗ ਜਿਊਣਾ ਜ਼ਿਆਦਾ ਵਧੀਆ ਹੈ।'' ਟੀਪੂ ਨੂੰ ਆਪਣੇ ਸ਼ਾਸਨ 'ਚ ਕਈ ਤਰ੍ਹਾਂ ਦੇ ਸੁਧਾਰ ਕਰਨ ਕਰਕੇ ਵੀ ਜਾਣਿਆਂ ਜਾਂਦਾ ਹੈ। ਉਨ੍ਹਾਂ ਦੇ ਸਮੇਂ ਹੀ ਮੈਸੂਰ ਦੇ ਰੇਸ਼ਮ ਉਦਯੋਗ 'ਚ ਵਾਧਾ ਸ਼ੁਰੂ ਹੋਇਆ ਸੀ।


Related News