ਇਮਰਾਨ ਖਾਨ ਨਹੀਂ ਚਾਹੁੰਦੇ ਇਜ਼ਰਾਇਲ ਨਾਲ ਡੀਲ, ਕਿਹਾ- ''ਚੀਨ ਨਾਲ ਜੁੜਿਆ ਸਾਡਾ ਭਵਿੱਖ''

08/20/2020 12:48:40 PM

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਰਕਾਰ ਦੇ 2 ਸਾਲ ਪੂਰੇ ਹੋਣ 'ਤੇ ਖੁੱਲ੍ਹ ਕੇ ਸਵਿਕਾਰ ਕੀਤਾ ਕਿ ਪਾਕਿਸਤਾਨ ਦਾ ਭਵਿੱਖ ਹੁਣ ਚੀਨ ਦੇ ਰਹਿਮੋ-ਕਦਮ 'ਤੇ ਟਿਕਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਉਣ ਵਾਲੇ ਦਿਨਾਂ ਵਿਚ ਯੂ. ਏ. ਈ. ਵਾਂਗ ਇਜ਼ਰਾਇਲ਼ ਨਾਲ ਕੋਈ ਸ਼ਾਂਤੀ ਸਮਝੌਤਾ ਨਹੀਂ ਕਰੇਗਾ। ਇਮਰਾਨ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਕਾਰ ਸਬੰਧਾਂ ਵਿਚ ਜਾਰੀ ਤਣਾਅ ਨੂੰ ਵੀ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਊਦੀ ਅਰਬ ਸਾਡੇ ਮੁੱਖ ਮਿੱਤਰਾਂ ਵਿਚੋਂ ਇਕ ਹੈ। 


ਪਾਕਿਸਤਾਨੀ ਖਬਰਾਂ ਮੁਤਾਬਕ ਇਮਰਾਨ ਖਾਨ ਨੇ ਕਿਹਾ ਕਿ ਇਜ਼ਰਾਇਲ ਨੂੰ ਲੈ ਕੇ ਸਾਡੀ ਸਥਿਤੀ ਸਪੱਸ਼ਟ ਹੈ। ਕਾਇਦਾ-ਏ-ਆਜ਼ਮ (ਮੁਹੰਮਦ ਅਲੀ ਜਿਨਾਹ) ਨੇ ਕਿਹਾ ਸੀ ਕਿ ਪਾਕਿਸਤਾਨ ਇਜ਼ਰਾਇਲ ਨੂੰ ਤਦ ਤੱਕ ਕਦੇ ਵੀ ਸਵਿਕਾਰ ਨਹੀਂ ਕਰ ਸਕਦਾ ਜਦੋਂ ਤੱਕ ਫਿਲਸਤੀਨ ਦੇ ਲੋਕਾਂ ਨੂੰ ਅਧਿਕਾਰ ਅਤੇ ਆਜ਼ਾਦ ਦੇਸ਼ ਨਹੀਂ ਮਿਲ ਜਾਂਦਾ । ਪਾਕਿਸਤਾਨ ਅਤੇ ਇਜ਼ਰਾਈਲ ਵਿਚਕਾਰ ਕੂਟਨੀਤਕ ਸੰਬੰਧ ਨਹੀਂ ਹਨ ਅਤੇ ਉਨ੍ਹਾਂ ਦੇ ਜਹਾਜ਼ਾਂ ਨੂੰ ਇਕ-ਦੂਜੇ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੈ। 


ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਜ਼ਰਾਇਲ ਨੂੰ ਮਾਨਤਾ ਦਿੰਦੇ ਹਾਂ ਤੇ ਫਿਲਸਤਾਨੀਆਂ ਨਾਲ ਕੀਤੇ ਅੱਤਿਆਚਾਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਕਸ਼ਮੀਰ ਨੂੰ ਵੀ ਛੱਡਣਾ ਪਵੇਗਾ ਅਤੇ ਅਸੀਂ ਅਜਿਹਾ ਨਹੀਂ ਕਰ ਸਕਦੇ। ਇਮਰਾਨ ਨੇ ਸਾਫ ਤੌਰ 'ਤੇ ਝੂਠ ਬੋਲਦਿਆਂ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਸਾਊਦੀ ਅਰਬ ਦੇ ਨਾਲ ਸਬੰਧਾਂ ਵਿਚ ਕੋਈ ਤਣਾਅ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਾਊਦੀ ਅਰਬ ਸਾਡੇ ਮੁੱਖ ਮਿੱਤਰਾਂ ਵਿਚੋਂ ਇਕ ਹੈ ਤੇ ਸਾਡੇ ਸਬੰਧ ਅਜੇ ਵੀ ਭਾਈਚਾਰੇ ਵਾਲੇ ਹਨ ਤੇ ਇਸ ਵਿਚ ਕੋਈ ਤਣਾਅ ਨਹੀਂ ਹੈ। ਜਦਕਿ ਸਾਊਦੀ ਨਾ ਸਿਰਫ ਪਾਕਿਸਤਾਨ 'ਤੇ ਆਰਥਿਕ ਰੋਕ ਲਾਈ ਹੈ ਸਗੋਂ ਪਾਕਿ ਵਿਦੇਸ਼ ਮੰਤਰੀ ਨੂੰ ਵੀ ਖਾਲੀ ਹੱਥ ਭੇਜ ਦਿੱਤਾ ਹੈ। ਇਮਰਾਨ ਖਾਨ ਨੇ ਚੀਨ ਨਾਲ ਪਾਕਿਸਤਾਨ ਦੇ ਸਬੰਧਾਂ ਦੀ ਸਿਫਤ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਭਵਿੱਖ ਚੀਨ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਵਿਚ ਚੀਨੀ ਰਾਸ਼ਟਰਪਤੀ ਪਾਕਿਸਤਾਨ ਆ ਸਕਦੇ ਹਨ। ਇਮਰਾਨ ਨੇ ਮੂੰਹੋਂ ਮਿੱਠੂ ਬਣਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਕੋਰੋਨਾ ਵਾਇਰਸ ਖਿਲਾਫ ਸਫਲਤਾ ਨਾਲ ਕੰਮ ਕੀਤਾ ਤੇ ਇਸ ਨੂੰ ਫੈਲਣ ਤੋਂ ਸਮੇਂ 'ਤੇ ਰੋਕ ਲਿਆ। ਉਨ੍ਹਾਂ ਆਪਣੀ ਤੇ ਆਪਣੀ ਸਰਕਾਰ ਦੀ ਸਿਫਤ ਕੀਤੀ। 
 


Lalita Mam

Content Editor

Related News