ਪਾਕਿ ''ਤੇ ਰਿਕਾਰਡ ਤੋੜ ਕਰਜ਼, ਇਮਰਾਨ ਦੀ ਸਰਕਾਰ ਨੇ 3 ਸਾਲਾਂ ''ਚ ਲਿਆ 15 ਅਰਬ ਦਾ ਕਰਜ਼ਾ

Monday, Dec 20, 2021 - 12:54 PM (IST)

ਪਾਕਿ ''ਤੇ ਰਿਕਾਰਡ ਤੋੜ ਕਰਜ਼, ਇਮਰਾਨ ਦੀ ਸਰਕਾਰ ਨੇ 3 ਸਾਲਾਂ ''ਚ ਲਿਆ 15 ਅਰਬ ਦਾ ਕਰਜ਼ਾ

ਪਾਕਿਸਤਾਨ (ਬਿਊਰੋ) - ਭਿਆਨਕ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ 'ਤੇ ਵਿਦੇਸ਼ੀ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਇਮਰਾਨ ਸਰਕਾਰ ਨੇ 2020-21 'ਚ ਦੂਜੇ ਦੇਸ਼ਾਂ ਤੋਂ 15.32 ਬਿਲੀਅਨ ਡਾਲਰ ਦਾ ਰਿਕਾਰਡ ਕਰਜ਼ਾ ਲਿਆ। ਇਸ ਨਾਲ ਬਦਲਾਅ ਦੀ ਸਰਕਾਰ ਨੇ 10.45 ਬਿਲੀਅਨ ਡਾਲਰ ਦਾ ਕਰਜ਼ਾ ਮੰਗਣ ਦਾ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਸ ਸਰਕਾਰ ਨੇ ਸਿਰਫ਼ ਤਿੰਨ ਸਾਲਾਂ 'ਚ ਪਾਕਿਸਤਾਨੀ ਕਰਜ਼ੇ ਨੂੰ ਦੁੱਗਣਾ ਕਰ ਦਿੱਤਾ ਹੈ। ਜਦੋਂ ਇਮਰਾਨ ਖ਼ਾਨ ਸੱਤਾ 'ਚ ਆਏ ਸਨ ਤਾਂ ਉਨ੍ਹਾਂ ਨੇ ਆਪਣੀ ਸਰਕਾਰ ਨੂੰ 'ਤਬਦੀਲੀ ਸਰਕਾਰ' ਦੱਸਿਆ ਸੀ, ਜੋ ਦੇਸ਼ ਦੀ ਤਕਦੀਰ ਬਦਲ ਦੇਵੇਗੀ। ਹੁਣ ਇਹ 'ਤਬਦੀਲੀ ਸਰਕਾਰ' 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। 
ਪਾਕਿਸਤਾਨੀ ਅਖਬਾਰ 'ਐਕਸਪ੍ਰੈਸ ਟ੍ਰਿਬਿਊਨ' ਮੁਤਾਬਕ, 3 ਸਾਲਾਂ 'ਚ ਲਏ 35.1 ਅਰਬ ਡਾਲਰ ਦੇ ਕਰਜ਼ੇ ਕਾਰਨ ਦੇਸ਼ 85.6 ਅਰਬ ਡਾਲਰ ਦਾ ਕਰਜ਼ਾਈ ਹੋ ਗਿਆ ਹੈ। ਇਸ ਮਾਮਲੇ 'ਤੇ ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ਕਿਹਾ, ''ਚਾਲੂ ਖਾਤੇ ਦੇ ਘਾਟੇ ਨੂੰ ਪੂਰਾ ਕਰਨ, ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਅਤੇ ਜ਼ਰੂਰੀ ਯੋਜਨਾਵਾਂ ਨੂੰ ਪੂਰਾ ਕਰਨ ਲਈ ਨਵਾਂ ਕਰਜ਼ਾ ਲਿਆ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਇਮਰਾਨ ਸਰਕਾਰ ਨੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਵੀ ਕਰਜ਼ਾ ਲਿਆ ਸੀ।

ਪੜ੍ਹੋ ਇਹ ਅਹਿਮ ਖਬਰ -ਜਾਪਾਨ ਦੇ ਪੁਲਾੜ ਸੈਲਾਨੀ ਧਰਤੀ 'ਤੇ ਪਰਤੇ ਸੁਰੱਖਿਅਤ

ਲਗਾਤਾਰ ਡਿੱਗ ਰਿਹੈ ਪਾਕਿਸਤਾਨੀ ਰੁਪਇਆ
ਪਾਕਿਸਤਾਨੀ ਰੁਪਇਆ ਤਿੰਨ ਸਾਲਾਂ ਤੋਂ ਲਗਾਤਾਰ ਗਿਰਾਵਟ ਦਾ ਸ਼ਿਕਾਰ ਰਿਹਾ ਹੈ। 2018 'ਚ ਪਾਕਿਸਤਾਨੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 123 ਸੀ। ਇਹ ਹੁਣ 30% ਤੋਂ ਵੱਧ ਟੁੱਟ ਕੇ 179 ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 1971 'ਚ ਪਾਕਿਸਤਾਨੀ ਰੁਪਏ 'ਚ ਇੰਨੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਬੰਗਲਾਦੇਸ਼ ਦੇ ਵੱਖ ਹੋਣ ਤੋਂ ਬਾਅਦ ਪਾਕਿਸਤਾਨੀ ਰੁਪਇਆ ਡਾਲਰ ਦੇ ਮੁਕਾਬਲੇ 4.60 ਤੋਂ 58 ਫੀਸਦੀ ਡਿੱਗ ਕੇ 11.10 'ਤੇ ਪਹੁੰਚ ਗਿਆ ਸੀ।
ਇਮਰਾਨ ਖ਼ਾਨ ਪਿਛਲੇ ਮਹੀਨੇ ਸਾਊਦੀ ਅਰਬ ਗਏ ਸਨ। ਉਥੋਂ ਉਸ ਨੂੰ 3 ਬਿਲੀਅਨ ਡਾਲਰ ਦਾ ਕਰਜ਼ਾ ਮਿਲਿਆ। ਹਾਲਾਂਕਿ, ਇਹ ਇੱਕ ਨਕਦ ਰਿਜ਼ਰਵ ਹੈ। ਇਸ ਨੂੰ ਖਰਚਿਆ ਨਹੀਂ ਜਾ ਸਕਦਾ। ਇਸ 'ਤੇ 4 ਫੀਸਦੀ ਸਾਲਾਨਾ ਦੇ ਹਿਸਾਬ ਨਾਲ ਵਿਆਜ ਵੀ ਦੇਣਾ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ -ਸ਼੍ਰੀਲੰਕਾ ਦੀ ਜਲ ਸੈਨਾ ਨੇ 43 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਪਾਕਿਸਤਾਨੀ ਅਫਸਰ ਨੇ ਖੋਲ੍ਹੀ ਪੋਲ
ਇਮਰਾਨ ਖ਼ਾਨ ਨੇ ਕੁਝ ਸਮਾਂ ਪਹਿਲਾਂ ਦਾਅਵਾ ਕੀਤਾ ਸੀ ਕਿ ਦੇਸ਼ 'ਚ ਸਭ ਕੁਝ ਠੀਕ-ਠਾਕ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਵਿੱਤੀ ਜਾਂਚ ਏਜੰਸੀ ਫੈਡਰਲ ਬੋਰਡ ਆਫ ਰੈਵੇਨਿਊ ਦੇ ਸਾਬਕਾ ਚੇਅਰਮੈਨ ਸਈਦ ਸ਼ਬਰ ਜ਼ੈਦੀ ਨੇ ਇਨ੍ਹਾਂ ਦਾਅਵਿਆਂ ਨੂੰ ਝੂਠਾ ਦੱਸਿਆ ਸੀ। ਸ਼ਬਰ ਨੇ ਕਿਹਾ ਸੀ, ''ਪਾਕਿਸਤਾਨ ਦੀਵਾਲੀਆ ਹੋ ਗਿਆ ਹੈ। ਇਸ ਤੋਂ ਬਾਅਦ ਇਮਰਾਨ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ, ਫਿਰ ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ। ਇਮਰਾਨ ਖ਼ਾਨ ਨੇ ਖੁਦ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਕੋਲ ਦੇਸ਼ ਚਲਾਉਣ ਲਈ ਪੈਸੇ ਨਹੀਂ ਹਨ।''

ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਬਚਾਅ 'ਚ ਇਮਰਾਨ ਖ਼ਾਨ ਦਾ ਸ਼ਰਮਨਾਕ ਬਿਆਨ, ਛਿੜੀ ਨਵੀਂ ਚਰਚਾ

ਤਬਦੀਲੀ ਸਰਕਾਰ ਨੇ ਲਿਆ ਰਿਕਾਰਡ ਤੋੜ ਕਰਜ਼ਾ
ਤਬਦੀਲੀ ਸਰਕਾਰ ਅਤੇ ਰਿਆਸਤ-ਏ-ਮਦੀਨਾ ਦੇ ਨਾਅਰਿਆਂ ਨਾਲ ਸਰਕਾਰ 'ਚ ਆਏ ਇਮਰਾਨ ਖ਼ਾਨ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਰਜ਼ਾ ਨਾ ਲੈਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਸੱਤਾ 'ਚ ਆਉਣ ਦੇ ਤਿੰਨ ਸਾਲਾਂ 'ਚ ਜਿੰਨਾ ਕਰਜ਼ ਲਿਆ ਹੈ, ਬਾਕੀ ਸਰਕਾਰਾਂ ਨੇ ਪੰਜ ਸਾਲਾਂ 'ਚ ਵੀ ਉਨਾਂ ਕਰਜ਼ਾ ਨਹੀਂ ਲਿਆ ਸੀ। ਪੀ. ਪੀ. ਪੀ. ਨੇ 5 ਸਾਲਾਂ 'ਚ 16 ਅਰਬ ਡਾਲਰ ਅਤੇ ਨਵਾਜ਼ ਲੀਗ ਨੇ 5 ਸਾਲਾਂ 'ਚ 34 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਲਿਆ ਸੀ, ਇਮਰਾਨ ਖ਼ਾਨ ਨੇ 3 ਸਾਲਾਂ 'ਚ ਹੀ 35.1 ਅਰਬ ਡਾਲਰ ਦਾ ਵਿਦੇਸ਼ੀ ਕਰਜ਼ਾ ਲਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News