ਘੱਟ ਨਹੀਂ ਹੋ ਰਹੀਆਂ ਇਮਰਾਨ ਖਾਨ ਦੀਆਂ ਮੁਸ਼ਕਿਲਾਂ, ਹੁਣ ਇਸ ਮਾਮਲੇ ’ਚ ਹੋਈ FIR
Wednesday, Oct 12, 2022 - 01:22 AM (IST)
ਇਸਲਾਮਾਬਾਦ : ਪਾਕਿਸਤਾਨ ਦੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਹੋਰ ਸੀਨੀਅਰ ਆਗੂਆਂ ਖ਼ਿਲਾਫ਼ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਵਿਦੇਸ਼ ਤੋਂ ਪਾਬੰਦੀਸ਼ੁਦਾ ਫੰਡ ਪ੍ਰਾਪਤ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਇਹ ਕੇਸ ਇਸਲਾਮਾਬਾਦ ’ਚ ਐੱਫ.ਆਈ.ਏ. ਦੇ ਕਾਰਪੋਰੇਟ ਬੈਂਕਿੰਗ ਸਰਕਲ ਰਾਹੀਂ ਦਾਇਰ ਕੀਤਾ ਗਿਆ ਸੀ। ਐੱਫ.ਆਈ.ਆਰ. ਦੇ ਅਨੁਸਾਰ ਵੂਟਨ ਕ੍ਰਿਕਟ ਲਿਮਟਿਡ ਦੇ ਮਾਲਕ ਆਰਿਫ਼ ਮਸੂਦ ਨਕਵੀ ਨੇ ਪੀ.ਟੀ.ਆਈ. ਦੇ ਨਾਂ ’ਤੇ ਰਜਿਸਟਰਡ ਬੈਂਕ ਖਾਤੇ ’ਚ ‘ਗ਼ਲਤ’ ਪੈਸੇ ਟ੍ਰਾਂਸਫਰ ਕੀਤੇ ਸਨ। ਸ਼ਿਕਾਇਤ ਅਨੁਸਾਰ ਪੈਸੇ ਦੇ ਲੈਣ-ਦੇਣ ਦੇ ਅਸਲ ਸਰੂਪ, ਮੂਲ, ਸਥਾਨ, ਅੰਦੋਲਨ ਅਤੇ ਮਾਲਕੀ ਨੂੰ ਛੁਪਾਉਣ ਲਈ‘ਸਹਿਮਤ ਤਬਾਦਲਾ’ ਹੈ। ਐੱਫ.ਆਈ.ਆਰ. ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂਆਂ ਨੇ ਵਿਦੇਸ਼ੀ ਮੁਦਰਾ ਕਾਨੂੰਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਸ਼ੱਕੀ ਬੈਂਕ ਖਾਤਿਆਂ ਦੇ ਲਾਭਪਾਤਰੀ ਐਲਾਨਿਆ ਗਿਆ ਹੈ।
ਐੱਫ.ਆਈ.ਆਰ. ’ਚ ਕਿਹਾ ਗਿਆ ਹੈ ਕਿ ਆਰਿਫ਼ ਮਸੂਦ ਨਕਵੀ ਯੂ.ਕੇ. ਅਤੇ ਅਮਰੀਕਾ ’ਚ ਨਿਵੇਸ਼ਕਾਂ ਨੂੰ ਧੋਖਾ ਦੇਣ ਦੇ ਮਾਮਲੇ ’ਚ ਵੀ ਮੁਕੱਦਮੇ ਦਾ ਵੀ ਸਾਹਮਣਾ ਕਰ ਰਿਹਾ ਹੈ। ਸ਼ਿਕਾਇਤ ’ਚ ਇਮਰਾਨ ਖਾਨ, ਸਰਦਾਰ ਅਜ਼ਹਰ ਤਾਰਿਕ ਖਾਨ, ਸੈਫੁੱਲਾ ਖਾਨ ਨਿਆਜ਼ੀ, ਸਈਅਦ ਯੂਨਸ ਅਲੀ ਰਜ਼ਾ, ਆਮੇਰ ਮਹਿਮੂਦ ਕਿਆਨੀ, ਤਾਰਿਕ ਰਹੀਮ ਸ਼ੇਖ, ਤਾਰਿਕ ਸ਼ਫੀ, ਫੈਜ਼ਲ ਮਕਬੂਲ ਸ਼ੇਖ, ਹਾਮਿਦ ਜ਼ਮਾਨ ਅਤੇ ਮਨਜ਼ੂਰ ਅਹਿਮਦ ਚੌਧਰੀ ਨੂੰ ਨਾਮਜ਼ਦ ਕੀਤਾ ਗਿਆ ਹੈ।