ਇਮਰਾਨ ਖਾਨ ਦੀ ਸਭ ਤੋਂ ਵੱਡੀ ਪ੍ਰੀਖਿਆ, 3 ਹਫਤਿਆਂ ''ਚ ਹੋ ਸਕਦੈ ਫਲੋਰ ਟੈਸਟ

Saturday, Jul 28, 2018 - 08:42 PM (IST)

ਇਸਲਾਮਾਬਾਦ (ਏਜੰਸੀਆਂ)- ਪਾਕਿਸਤਾਨ ਦੀਆਂ ਆਮ ਚੋਣਾਂ ਵਿਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੈਸ਼ਨਲ ਅਸੈਂਬਲੀ ਦੀਆਂ 270 ਵਿਚੋਂ 116 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਉਭਰੀ ਹੈ। ਇਮਰਾਨ ਖਾਨ ਇਕ ਸਮੇਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਨ ਅਤੇ ਹੁਣ ਉਹ ਪਾਕਿਸਤਾਨ ਦੀ ਰਾਜਨੀਤੀ ਦੇ ਕਪਤਾਨ ਬਣਨ ਜਾ ਰਹੇ ਹਨ ਪਰ ਉਨ੍ਹਾਂ ਦਾ ਇਹ ਰਾਹ ਇੰਨਾ ਆਸਾਨ ਨਹੀਂ ਹੈ। ਸਿਆਸੀ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਇਸ ਦੇ ਲਈ ਉਨਾਂ ਨੂੰ ਅਜੇ 2-3 ਹਫਤਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ।
ਇਸ ਵਿਚ ਇਮਰਾਨ ਖਾਨ ਦੀ ਸਭ ਤੋਂ ਵੱਡੀ ਪ੍ਰੀਖਿਆ ਸਮਰਥਨ ਟੈਸਟ (ਫਲੋਰ ਟੈਸਟ) ਦੀ ਹੋਵੇਗੀ। ਜੇਕਰ ਉਹ ਉਸ ਵਿਚ ਪਾਸ ਹੋ ਗਏ ਤਾਂ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀਆਂ 342 ਸੀਟਾਂ ਵਿਚੋਂ 172 ਸੀਟਾਂ 'ਤੇ  ਸਮਰਥਨ ਹਾਸਲ ਕਰਨਾ ਹੋਵੇਗਾ। ਫਿਲਹਾਲ ਉਨ੍ਹਾਂ ਦੀ ਪਾਰਟੀ ਨੇ 157 ਸੰਸਦ ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ ਜਿਸ ਵਿਚ ਪੀ. ਟੀ. ਆਈ. ਦੀਆਂ 116, ਮਹਿਲਾ ਰਿਜ਼ਰਵ ਸੀਟਾਂ 25, ਮੁਤਹਿਦਾ ਮਜਲਿਸ-ਏ-ਅਮਲ (ਐੱਮ. ਐੱਮ. ਏ.) ਦੀਆਂ 14 ਅਤੇ 3 ਘੱਟ ਗਿਣਤੀ ਸੰਸਦ ਮੈਂਬਰ ਸ਼ਾਮਲ ਹਨ। ਜੇਕਰ ਇਮਰਾਨ ਖਾਨ ਸਦਨ ਵਿਚ ਹਮਾਇਤ ਹਾਸਲ ਨਹੀਂ ਕਰ ਸਕੇ ਤਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੀ ਦਾਅਵੇਦਾਰੀ ਰੱਦ ਵੀ ਹੋ ਸਕਦੀ ਹੈ।
'ਸਹਿਯੋਗੀ ਪਾਰਟੀ' ਨੇ ਦੁਬਾਰਾ ਚੋਣਾਂ ਦੀ ਕੀਤੀ ਮੰਗ
ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਮੁਤਹਿਦਾ ਮਜਲਿਸ-ਏ-ਅਮਲ (ਐੱਮ. ਐੱਮ. ਏ.) ਉਨ੍ਹਾਂ ਦੀ ਸਹਿਯੋਗੀ ਪਾਰਟੀ ਹੈ ਅਤੇ ਉਸ ਦੇ ਸੰਸਦ ਮੈਂਬਰ ਉਨ੍ਹਾਂ ਦੀ ਹਮਾਇਤ ਵਿਚ ਹਨ ਪਰ ਖਬਰ ਹੈ ਕਿ ਐੱਮ. ਐੱਮ. ਏ. ਦੇ ਪ੍ਰਧਾਨ ਫਜਲ-ਉਰ-ਰਹਿਮਾਨ ਨੇ ਚੋਣਾਂ ਦੇ ਨਤੀਜਿਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਐੱਮ. ਐੱਮ. ਏ. ਨੇ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਉਂਦੇ ਹੋਏ ਨਿਰਪੱਖ ਢੰਗ ਨਾਲ ਦੁਬਾਰਾ ਚੋਣਾਂ ਕਰਾਉਣ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਐੱਮ.ਐੱਮ. ਏ. ਨੇ 12 ਸੀਟਾਂ ਜਿੱਤੀਆਂ ਅਤੇ ਉਸ ਨੂੰ  ਰਿਜ਼ਰਵ ਮਹਿਲਾ ਕੋਟੇ ਦੀਆਂ 2 ਸੀਟਾਂ ਵੀ ਮਿਲਣਗੀਆਂ।


Related News