ਪਾਕਿ PM ਇਮਰਾਨ ਨੇ TV ਐਂਕਰ ਨੂੰ ਭੇਜਿਆ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ

08/04/2019 8:25:32 AM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਨਿੱਜੀ ਟੀ.ਵੀ. ਚੈਨਲ ਦੇ ਐਂਕਰ ਨਜਮ ਸੇਠੀ 'ਤੇ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਸਬੰਧਤ ਝੂਠੀਆਂ ਖਬਰਾਂ ਦਿਖਾਉਣ ਦਾ ਦੋਸ਼ ਲਗਾਇਆ ਅਤੇ ਉਸ ਨੂੰ 1 ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। 

ਨੋਟਿਸ ਦੀਆਂ ਤਸਵੀਰਾਂ ਅਤੇ ਇਸ ਦੀ ਜਾਣਕਾਰੀ ਟਵਿੱਟਰ 'ਤੇ ਪੋਸਟ ਕਰਦੇ ਹੋਏ ਪਾਕਿਸਤਾਨ ਤਹਰੀਕ-ਏ-ਇਨਸਾਫ ਪਾਰਟੀ ਦੇ ਜਨਸੰਪਰਕ ਮੁਖੀ ਅਸਗਰ ਲੇਘਾਰੀ ਨੇ ਕਿਹਾ ਕਿ ਭੇਜੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਖਿਲਾਫ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਲਗਾਉਣ ਵਾਲਿਆਂ ਪ੍ਰਤੀ ਨਰਮੀ ਨਹੀਂ ਵਰਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਐਂਕਰ ਨਜਮ ਸੇਠੀ ਨੇ ਇਮਰਾਨ ਖਾਨ ਦੇ ਨਿੱਜੀ ਜੀਵਨ ਬਾਰੇ ਕਈ ਸ਼ਰਮਨਾਕ ਦਾਅਵੇ ਕੀਤੇ। ਉਨ੍ਹਾਂ ਨੇ ਇਕ ਨਿੱਜੀ ਟੀ. ਵੀ. ਚੈਨਲ 'ਚ ਬੈਠ ਕੇ ਕਾਨੂੰਨ ਅਤੇ ਨੈਤਿਕਤਾ ਦਾ ਉਲੰਘਣ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਵੱਕਾਰ ਨੂੰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੇਠੀ ਭੱਜਣ ਦੀ ਥਾਂ ਅਦਾਲਤ ਦਾ ਸਾਹਮਣਾ ਕਰਨਗੇ, ਨਹੀਂ ਤਾਂ ਉਨ੍ਹਾਂ ਨੂੰ ਇਕ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨਾ ਪਵੇਗਾ।


Related News