ਇਮਰਾਨ ਦੀ ਸਾਬਕਾ ਪਤਨੀ ਨੇ ਪਾਕਿ ਸਰਕਾਰ ਨੂੰ ਪਾਈ ਝਾੜ
Saturday, Sep 08, 2018 - 09:49 PM (IST)

ਲੰਡਨ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਨੇ ਪਾਕਿਸਤਾਨ ਸਰਕਾਰ ਵੱਲੋਂ ਨਵੇਂ ਚੁਣੇ ਗਏ ਸਲਾਹਕਾਰ ਪ੍ਰੀਸ਼ਦ ਨਾਲ ਮਸ਼ਹੂਰ ਅਰਥਸ਼ਾਸਤਰੀ ਮਿਆਂ ਦੀ ਨਾਮਜ਼ਦਗੀ ਵਾਪਸ ਲੈਣ ਦੀ ਸਖ਼ਤ ਨਿੰਦਾ ਕੀਤੀ ਹੈ। ਬ੍ਰਿਟੇਨ 'ਚ ਰਹਿ ਰਹੀ 44 ਸਾਲਾ ਜੇਮਿਮਾ ਨੇ ਟਵਿਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
ਪਾਕਿਸਤਾਨ ਸਰਕਾਰ ਨੇ ਮਿਆਂ ਦੇ ਅਹਿਮਦੀਆ ਭਾਈਚਾਰੇ ਨਾਲ ਸਬੰਧਿਤ ਹੋਣ ਕਾਰਨ ਕੱਟੜਵਾਦ ਦੇ ਦਬਾਅ 'ਚ ਆ ਕੇ ਉਨ੍ਹਾਂ ਨੂੰ ਈ.ਏ.ਸੀ. ਦੀ ਮੈਂਬਰਸ਼ਿਪ ਛੱਡਣ ਲਈ ਕਿਹਾ ਸੀ। ਕੱਟੜਵਾਦੀਆਂ ਦੇ ਦਬਾਅ 'ਚ ਆ ਕੇ ਸ਼ੁੱਕਰਵਾਰ ਨੂੰ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਸ਼ਹੂਰ ਅਰਥ ਸ਼ਾਸਤਰੀ ਮਿਆਂ ਦਾ ਨਵਗਠਿਤ ਆਰਥਿਕ ਪ੍ਰੀਸ਼ਦ ਤੋਂ ਨਾਮਜ਼ਦਗੀ ਵਾਪਸ ਲੈ ਲਿਆ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਸੰਵਿਧਾਨ 'ਚ ਅਹਿਮਦੀਆ ਨੂੰ ਗੈਰ ਮੁਸਲਿਮ ਐਲਾਨ ਕੀਤਾ ਗਿਆ ਹੈ ਤੇ ਕਈ ਇਸਲਾਮੀ ਵਿਚਾਰਧਾਰਵਾਂ 'ਚ ਉਨ੍ਹਾਂ ਦੀ ਮਾਨਤਾ ਨੂੰ ਇਸ਼ਨਿੰਦਾ ਮੰਨਿਆ ਜਾਂਦਾ ਹੈ। ਅਕਸਰ ਕੱਟੜਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ ਤੇ ਉਨ੍ਹਾਂ ਦੇ ਧਾਰਮਿਕ ਥਾਵਾਂ 'ਤੇ ਤੋੜ-ਭੰਨ ਵੀ ਹੁੰਦੀ ਰਹੀ ਹੈ। ਮਿਆਂ ਨੂੰ ਹਾਲ ਹੀ 'ਚ 18 ਮੈਂਬਰੀ ਈ.ਏ.ਸੀ. ਦੇ ਮੈਂਬਰ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਸੀ। 'ਚੋਟੀ ਦੇ 25 ਪ੍ਰਤੀਭਾਸ਼ਾਲੀ ਨੌਜਵਾਨ ਅਰਥਸ਼ਾਸਤਰੀਆਂ ਦੀ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਸੂਚੀ 'ਚ ਸ਼ਾਮਲ ਉਹ ਇਕੱਲੇ ਪਾਕਿਸਤਾਨੀ ਹਨ। ਜੇਮਿਮਾ ਨੇ ਮਿਆਂ ਦੀ ਨਾਮਜ਼ਦਗੀ ਵਾਪਸ ਲਏ ਜਾਣ 'ਤੇ ਸ਼ੁੱਕਰਵਾਰ ਨੂੰ ਟਵੀਟ ਕੀਤਾ, 'ਇਸ ਦਾ ਬਚਾਅ ਨਹੀਂ ਕੀਤਾ ਜਾ ਸਕਦਾ ਤੇ ਇਹ ਕਾਫੀ ਮੰਦਭਾਗਾ ਹੈ।'